ਚੰਡੀਗੜ੍ਹ-ਸੁਮੇਧ ਸੈਣੀ ਨੂੰ ਪੰਜਾਬ ਦਾ ਡੀਜੀਪੀ ਨਿਯੁਕਤ ਕੀਤੇ ਜਾਣ ਸਬੰਧੀ ਮਸਲੇ ਤੇ ਸੀਬੀਆਈ ਨੇ ਗੇਂਦ ਪੰਜਾਬ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਹੈ। ਸੀਬੀਆਈ ਨੇ ਦਿੱਲੀ ਹਾਈਕੋਰਟ ਵਿੱਚ ਕਿਹਾ ਕਿ ਸੈਣੀ ਦੇ ਖਿਲਾਫ਼ ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਵਿੱਚ ਅਗਵਾ ਅਤੇ ਹੱਤਿਆ ਦੇ ਮਾਮਲੇ ਵਿੱਚ ਦਾਖਿਲ ਚਾਰਜਸ਼ੀਟ ਦੀ ਜਾਣਕਾਰੀ ਪੰਜਾਬ ਸਰਕਾਰ ਨੂੰ ਦੇ ਦਿੱਤੀ ਗਈ ਸੀ। ਇਹ ਹੁਣ ਪੰਜਾਬ ਸਰਕਾਰ ਤੈਅ ਕਰੇਗੀ ਕਿ ਸੁਮੇਧ ਸੈਣੀ ਨੁੰ ਅਹੁਦੇ ਤੇ ਰੱਖਣਾ ਹੈ ਜਾਂ ਨਹੀਂ।
ਵਰਨਣਯੋਗ ਹੈ ਕਿ ਸੀਬੀਆਈ ਨੇ ਸੈਣੀ ਦੇ ਖਿਲਾਫ਼ ਦਿੱਲੀ ਨਿਵਾਸੀ ਅਸ਼ੀਸ਼ ਕੁਮਾਰ ਦੀ ਸ਼ਿਕਾਇਤ ਤੇ ਅਗਵਾ ਅਤੇ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਸ਼ਿਕਾਇਤ ਕਰਤਾ ਨੇ ਕਿਹਾ ਸੀ ਕਿ ਲੁਧਿਆਣਾ ਦੇ ਐਸਐਸਪੀ ਦੇ ਆਪਣੇ ਕਾਰਜਕਾਲ ਦੌਰਾਨ ਸੈਣੀ ਨੇ ਉਸ ਦੇ ਪਰੀਵਾਰ ਦੇ ਮੈਂਬਰਾਂ ਨੂੰ ਗੈਰਕਾਨੂੰਨੀ ਢੰਗ ਨਾਲ ਹਿਰਾਸਤ ਵਿੱਚ ਰੱਖਿਆ ਸੀ। ਉਸ ਤੋਂ ਬਾਅਦ ਉਸ ਦੇ ਤਿੰਨ ਪਰੀਵਾਰਿਕ ਮੈਂਬਰ ਲਾਪਤਾ ਹਨ। ਇਸ ਕੇਸ ਵਿੱਚ 2007 ਨੂੰ ਤੀਸ ਹਜ਼ਾਰੀ ਕੋਰਟ ਵਿੱਚ ਚਾਰਜਸ਼ੀਟ ਦਾਖਿਲ ਕੀਤੀ ਗਈ। ਸੈਣੀ ਨੇ ਇਸ ਕੇਸ ਨੂੰ ਖਾਰਿਜ ਕਰਨ ਦੀ ਮੰਗ ਕੀਤੀ ਸੀ, ਜੋ ਕਿ ਅਜੇ ਸੁਣਵਾਈ ਅਧੀਨ ਹੈ।