ਰਾਸ਼ਟਰਪਤੀ ਬਰਾਕ ਓਬਾਮਾ ਨੇ ਐਲਾਨ ਕੀਤਾ ਹੈ ਕਿ ਅਗਸਤ 2010 ਦੇ ਅੰਤ ਤੱਕ ਇਰਾਕ ਤੋਂ ਵਧੇਰੇ ਅਮਰੀਕੀ ਫੌਜਾਂ ਦੀ ਵਾਪਸੀ ਹੋ ਜਾਵੇਗੀ। ਇਕ ਫੌਜੀ ਅੱਡੇ ‘ਤੇ ਦਿੱਤੇ ਗਏ ਆਪਣੇ ਭਾਸ਼ਣ ਵਿਚ ਓਬਾਮਾ ਨੇ ਕਿਹਾ ਕਿ ਉਸ ਵੇਲੇ ਤੱਕ ਇਰਾਕ ਵਿਚ ‘ਅਮਰੀਕੀ ਮੁਹਿੰਮ’ ਅਧਿਕਾਰਿਤ ਤੌਰ ‘ਤੇ ਖ਼ਤਮ ਹੋ ਜਾਵੇਗੀ।
ਅਮਰੀਕੀ ਫੌਜਾਂ ਦੀ ਵਾਪਸੀ ਦੀ ਇਸ ਯੋਜਨਾ ਦੇ ਤਹਿਤ ਇਸ ਵੇਲੇ ਇਰਾਕ ਵਿਚ ਮੌਜੂਦ ਇਕ ਲੱਖ 42 ਹਜ਼ਾਰ ਅਮਰੀਕੀ ਫੌਜੀਆਂ ਚੋਂ 35 ਹਜ਼ਾਰ ਤੋਂ 50 ਹਜ਼ਾਰ ਤੱਕ ਇਰਾਕ ਵਿਚ ਸਾਲ 2011 ਤੱਕ ਰੁਕਣਗੇ ਅਤੇ ‘ਇਰਾਕੀ ਫੌਜਾਂ ਨੂੰ ਸਲਾਹ ਦੇਣ ਅਤੇ ਅਤਿਵਾਦ ਨਾਲ ਲੜਣ ਤੋਂ ਇਲਾਵਾ ਅਮਰੀਕੀ ਹਿੱਤਾਂ ਦੀ ਰੱਖਿਆ’ ਕਰਨਗੇ। ਕੁਝ ਡੈਮੋਕ੍ਰੇਟ ਲੀਡਰ ਮਹਿਸੂਸ ਕਰ ਰਹੇ ਹਨ ਕਿ ਇਰਾਕ ਤੋਂ ਅਮਰੀਕੀ ਫੌਜਾਂ ਦੀ ਵਾਪਸੀ ਦਾ ਇਹ ਪ੍ਰੋਗਰਾਮ ਚੋਣਾਂ ਦੇ ਵਾਅਦੇ ਨੂੰ ਪੂਰਿਆਂ ਨਹੀਂ ਕਰਦਾ। ਇਸਤੋਂ ਪਹਿਲਾਂ ਰਾਸ਼ਟਰਪਤੀ ਓਬਾਮਾ ਨੇ ਕਿਹਾ ਸੀ ਕਿ ਆਪਣਾ ਅਹੁਦਾ ਸੰਭਾਲ ਦੇ 16 ਮਹੀਨਿਆਂ ਤੋਂ ਬਾਅਦ ਉਹ ਇਰਾਕ ਚੋਂ ਸਾਰੀਆਂ ਅਮਰੀਕੀ ਫੌਜਾਂ ਨੂੰ ਹਟਾ ਲੈਣਗੇ। ਪਰੰਤੂ ਇਸ ਯੋਜਨਾ ਵਿਚ ਤਬਦੀਲੀ ਦਿਸ ਰਹੀ ਹੈ।
ਇਸੇ ਦੌਰਾਨ ਉਨ੍ਹਾਂ ਨੇ ਅਫ਼ਗਾਨਿਸਤਾਨ ਵਿਚ 17 ਹਜ਼ਾਰ ਹੋਰ ਫੌਜੀ ਤੈਨਾਤ ਕਰਨ ਦਾ ਐਲਾਨ ਵੀ ਕੀਤਾ ਹੈ। ਇਸ ਐਲਾਨ ਦੌਰਾਨ ਉਨ੍ਹਾਂ ਨੇ ਕਿਹਾ ਸੀ ਕਿ ਇਨ੍ਹਾਂ ਫੌਜੀਆਂ ਨੂੰ ਇਰਾਕ ਜਾਣਾ ਸੀ, ਪਰ ਸੁਰੱਖਿਆ ਦੀਆਂ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਇਨ੍ਹਾਂ ਨੂੰ ਅਫ਼ਗਾਨਿਸਤਾਨ ਭੇਜਿਆ ਜਾ ਰਿਹਾ ਹੈ। ਜਿ਼ਕਰਯੋਗ ਹੈ ਕਿ 20 ਮਾਰਚ, 2003 ਨੂੰ ਇਰਾਕ ‘ਤੇ ਅਮਰੀਕੀ ਹਮਲੇ ਤੋਂ ਬਾਅਦ ਤੋਂ ਲਗਾਤਾਰ ਉਥੇ ਅਮਰੀਕੀ ਫੌਜਾਂ ਦੀ ਵੱਡੀ ਗਿਣਤੀ ਰਹੀ ਹੈ। ਇਰਾਕ ਦੇ ਮਾਮਲੇ ਵਿਚ ਹੋਈ ਪ੍ਰਗਤੀ ਦੀ ਸਿਫ਼ਤ ਕਰਦੇ ਹੋਏ ਓਬਾਮਾ ਨੇ ਚਿਤਾਵਨੀ ਦਿੱਤੀ, “ਇਰਾਕ ਅਜੇ ਵੀ ਸੁਰੱਖਿਅਤ ਨਹੀਂ ਹੈ ਅਤੇ ਉਥੇ ਆਉਣ ਵਾਲੇ ਦਿਨਾਂ ਵਿਚ ਮੁਸ਼ਕਲ ਸਮੇਂ ਦਾ ਸਾਹਮਣਾ ਕਰਨਾ ਪਵੇਗਾ।” ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਕੌਮੀ ਸੁਰੱਖਿਆ ਟੀਮ ਇਰਾਕ ਵਿਚ ਅਮਰੀਕੀ ਕਾਰਵਾਈ ਸਬੰਧੀ ਨਵੀਂ ਰਣਨੀਤੀ ਤਿਆਰ ਕਰ ਰਹੀ ਹੈ। ਇਸ ਰਣਨੀਤੀ ਵਿਚ ਇਸ ਗੱਲ ‘ਤੇ ਜ਼ੋਰ ਦਿੱਤਾ ਗਿਆ ਹੈ ਕਿ ਇਰਾਕ ਦੀ ਸਮਸਿਆ ਦਾ ਹੱਲ ਰਾਜਨੀਤਕ ਹੋ ਸਕਦਾ ਹੈ ਅਤੇ ਇਸ ਲਈ ਫ਼ੈਸਲਾ ਲੈਣ ਦਾ ਅਧਿਕਾਰ ਇਰਾਕੀਆਂ ਨੂੰ ਹੀ ਦੇਣਾ ਹੋਵੇਗਾ।
ਰਾਸ਼ਟਰਪਤੀ ਓਬਾਮਾ ਨੇ ਕਿਹਾ, “ਅਸੀਂ ਇਸ ਆਮ ਸੱਚਾਈ ਨੂੰ ਧਿਆਨ ਵਿਚ ਰੱਖਿਆ ਹੈ ਕਿ ਅਮਰੀਕਾ ਦੀਆਂ ਪਹਿਲਾਂ ਦੇ ਵਿਚਕਾਰ ਇਰਾਕ ਨੂੰ ਵਖਰਿਆਂ ਕਰਕੇ ਨਹੀਂ ਵੇਖ ਸਕਦਾ। ਸਾਨੂੰ ਅਫ਼ਗਾਨਿਸਤਾਨ ਅਤੇ ਪਾਕਿਸਤਾਨ ਬਾਰੇ ਧਿਆਨ ਕੇਂਦਰਤ ਕਰਨ ਦੀ ਲੋੜ ਹੈ, ਫੌਜਾਂ ‘ਤੇ ਭਾਰ ਘੱਟ ਕਰਨਾ ਜ਼ਰੂਰੀ ਹੈ ਅਤੇ ਅਮਰੀਕੀ ਅਰਥ ਵਿਵਸਥਾ ਨੂੰ ਪਟੜੀ ‘ਤੇ ਲਿਆਉਣਾ ਹੈ। ਇਹ ਸਭ ਸਾਡੇ ਸਾਹਮਣੇ ਚੁਣੌਤੀਆਂ ਹਨ।” ਉਨ੍ਹਾਂ ਨੇ ਛੇ ਸਾਲ ਲੰਮੀ ਜੰਗ ਵਿਚ ਹਿੱਸੇਦਾਰੀ ਦੇ ਲਈ ਅਮਰੀਕੀ ਫੌਜਾਂ ਅਤੇ ਉਨ੍ਹਾਂ ਦੇ ਪ੍ਰਵਾਰ ਵਾਲਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਇਰਾਕ ਜੰਗ ਨੂੰ ਖ਼ਤਮ ਕਰਨ ਦੀ ਕੋਸਿ਼ਸ਼ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ ਅਤੇ ਹੁਣ ਸਾਨੂੰ ਇਰਾਕ ਨੂੰ ਇਰਾਕੀ ਲੋਕਾਂ ਦੇ ਹਵਾਲੇ ਕਰਨਾ ਹੈ। ਇਰਾਕੀ ਜਨਤਾ ਨੂੰ ਉਨ੍ਹਾਂ ਨੇ ਕਿਹਾ, “ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਅਮਰੀਕਾ ਦੀ ਨੀਅਤ ਇਰਾਕੀ ਜ਼ਮੀਨ ਅਤੇ ਉਸਦੇ ਵਸੀਲਿਆਂ ‘ਤੇ ਹੱਕ ਜਮਾਉਣ ਦੀ ਨਹੀਂ ਹੈ।” ਬਰਾਕ ਓਬਾਮਾ ਨੇ ਕਿਹਾ ਕਿ ਜਿਹੜੇ ਲੋਕ ਅਜੇ ਫੌਜਾਂ ਵਿਚ ਕੰਮ ਕਰ ਰਹੇ ਹਨ ਉਨ੍ਹਾਂ ਦਾ ਭਾਰ ਘੱਟ ਕਰਨ ਲਈ ਉਨ੍ਹਾਂ ਦੀ ਸਰਕਾਰ ਹੋਰ ਫੌਜੀਆਂ ਦੀ ਭਰਤੀ ਕਰੇਗੀ।
ਇਰਾਕ ਤੋਂ ਫੌਜਾਂ ਦੀ ਵਾਪਸੀ ਅਗਲੇ ਸਾਲ
This entry was posted in ਅੰਤਰਰਾਸ਼ਟਰੀ.