ਅੰਮ੍ਰਿਤਸਰ :- ਸਿੱਖ ਧਰਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵਲੋਂ ਮਾਨਵ ਸਮਾਜ ਦੇ ਹਰੇਕ ਵਰਗ ਤੇ ਹਰੇਕ ਧਰਮ ਦੇ ਸਮੂਹ ਵੀਰਾਂ, ਭੈਣਾਂ, ਬੱਚੀਆਂ ਨੂੰ ਸਿੱਖ ਧਰਮ, ਗੁਰਬਾਣੀ, ਸਿੱਖ ਇਤਿਹਾਸ, ਸਿੱਖ ਸਾਹਿਤ, ਸਿੱਖ ਸੱਭਿਆਚਾਰ, ਸਿੱਖ ਰਹਿਤ ਮਰਿਆਦਾ, ਸਿੱਖ ਧਰਮ ਅਤੇ ਧਰਮ ਗ੍ਰੰਥ, ਸਕੰਲਪ ਸੰਸਥਾਵਾਂ, ਸੰਪ੍ਰਦਾਵਾਂ ਬਾਰੇ ਲੋੜੀਂਦੀ ਮੁੱਢਲੀ ਜਾਣਕਾਰੀ ਪ੍ਰਦਾਨ ਕਰਨ ਹਿਤ ਦੋ-ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਪੰਜਾਬੀ, ਹਿੰਦੀ ਅਤੇ ਅੰਗ੍ਰੇਜ਼ੀ ਵਿਚ ਆਰੰਭ ਕੀਤਾ ਹੋਇਆ ਹੈ। ਸ. ਸਤਬੀਰ ਸਿੰਘ ਵਧੀਕ ਸਕੱਤਰ ਪ੍ਰਚਾਰ ਕਮੇਟੀ ਨੇ ਦੱਸਿਆ ਹੈ ਕਿ ਉਪਰੋਕਤ ਕੋਰਸ ਵਿਚ ਦਾਖਲਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ/ਜਗਿਆਸੂਆਂ ਵਿਚ ਭਾਰੀ ਉਤਸ਼ਾਹ ਨੂੰ ਵੇਖਦੇ ਹੋਇਆਂ ਦਾਖਲਾ ਲੈਣ ਦੀ ਅੰਤਿਮ ਤਰੀਖ ਵਿਚ ਮਿਤੀ 31 ਜੁਲਾਈ 2012 ਤੀਕ ਦਾ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਦਾਖਲਾ ਪ੍ਰਾਪਤ ਕਰਨ ਲਈ ਕੇਵਲ ਇਕ ਵਾਰ ਹੀ ਰਜਿਸਟ੍ਰੇਸ਼ਨ ਫੀਸ ਵਜੋਂ ਭਾਰਤੀਆਂ ਲਈ 100 ਰੁਪਏ ਅਤੇ ਵਿਦੇਸ਼ੀਆਂ ਲਈ 30 ਅਮਰੀਕੀ ਡਾਲਰ ਜਾਂ 20 ਪੌਂਡ (ਯੂ.ਕੇ.) ਦੇਣੀ ਪਵੇਗੀ ਤੇ ਕੋਰਸ ਨਾਲ ਸਬੰਧਤ ਪਾਠ ਸਮੱਗਰੀ ਦਫਤਰ ਵਲੋਂ ਆਪਣੇ ਖਰਚੇ ਤੇ ਡਾਕ ਰਾਹੀਂ ਮੁਫਤ ਭੇਜੀ ਜਾਵੇਗੀ। ਉਨ੍ਹਾਂ ਦੱਸਿਆ ਕਿ ਕੋਰਸ ਵਿਚ ਪਹਿਲੇ, ਦੂਜੇ, ਤੀਜੇ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਕ੍ਰਮਵਾਰ 7100/-, 5100/-,3100/- ਰੁਪਏ ਅਤੇ 80% ਤੋਂ ਉਪਰ ਨੰਬਰ ਲੈਣ ਵਾਲੇ ਪਹਿਲੇ 51 ਵਿਦਿਆਰਥੀਆਂ ਨੂੰ 1100-1100 ਰੁਪਏ ਨਗਦ ਇਨਾਮ ਦੇ ਕੇ ਮਾਨਯੋਗ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਨਮਾਨਿਤ ਕੀਤਾ ਜਾਂਦਾ ਹੈ। ਇਸ ਕੋਰਸ ਵਿਚ ਦਾਖਲਾ ਲੈਣ ਲਈ ਵਿਦਿਅਕ ਯੋਗਤਾ ਨਿਰਧਾਰਤ ਨਹੀਂ। ਪਰ ਦਾਖਲਾ ਪ੍ਰਾਪਤ ਕਰਨ ਵਾਲਾ ਪੰਜਾਬੀ, ਹਿੰਦੀ ਤੇ ਅੰਗਰੇਜੀ ਪੜ੍ਹ ਲਿਖ ਸਕਣ ਦੇ ਸਮਰੱਥ ਹੋਣਾ ਜਰੂਰੀ ਹੈ ਅਤੇ ਉਸਦੀ ਉਮਰ 16 ਸਾਲ ਤੋਂ ਘੱਟ ਨਾ ਹੋਵੇ।
ਦੋ ਸਾਲਾ ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ ਵਿਚ ਦਾਖਲਾ ਪ੍ਰਾਪਤ ਕਰਨ ਲਈ ਅੰਤਿਮ ਮਿਤੀ 31 ਜੁਲਾਈ ਤਕ ਵਾਧਾ
This entry was posted in ਪੰਜਾਬ.