ਅੰਮ੍ਰਿਤਸਰ :- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਨਰਲ ਬਿਕਰਮ ਸਿੰਘ ਨੂੰ ਭਾਰਤ ਦੀ ਥਲ ਸੈਨਾ ਦੇ ਬਨਣ ਤੇ ਵਧਾਈ ਦਿੰਦਿਆਂ ਕਿਹਾ ਹੈ ਇਸ ਨਾਲ ਸਮੁੱਚੇ ਦੇਸ਼-ਵਿਦੇਸ਼ ਵਿਚ ਕੌਮ ਦਾ ਅਕਸ ਵਧੀਆ ਪੁੱਜੇਗਾ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਸਿੱਖ ਕੌਮ ਲਈ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਭਾਰਤੀ ਸੈਨਾ ਦੇ ਮੁਖੀ ਇਕ ਸਿੱਖ ਜਨਰਲ ਸ. ਬਿਕਰਮ ਸਿੰਘ ਬਣਿਆ ਹੈ। ਉਨ੍ਹਾਂ ਜਨਰਲ ਨੂੰ ਸ਼ੁਭ ਇੱਛਾਵਾਂ ਤੇ ਵਧਾਈ ਦੇਂਦਿਆਂ ਆਸ ਪ੍ਰਗਟਾਈ ਕਿ ਉਹ ਆਪਣੇ ਸੇਵਾ ਕਾਲ ਵਿਚ ਵਧੀਆ ਕਾਰਗੁਜ਼ਾਰੀ ਦੇ ਨਾਲ-ਨਾਲ ਸਿੱਖ ਕੌਮ ਨੂੰ ਮਾਣ ਦੇਣਗੇ ਉਥੇ ਭਾਰਤ ਦੇਸ਼ ਲਈ ਵੀ ਚੰਗੇ ਮੀਲ ਪੱਥਰ ਸਥਾਪਤ ਕਰਨਗੇ।
ਉਨ੍ਹਾਂ ਕਿਹਾ ਕਿ 1984 ਦੇ ਫੌਜੀ ਹਮਲੇ ਸਮੇਂ ਸਿੱਖ ਕੌਮ ਦਾ ਅਨਮੁੱਲਾ ਸਰਮਾਇਆ ਜੋ ਕੌਮੀ ਪੱਧਰ ਤੇ ਇਕੱਤਰ ਕੀਤਾ ਗਿਆ ਸੀ ਉਹ ਲੰਮੀ ਘਾਲਣਾ ਬਾਅਦ ਸਿੱਖ ਸਾਹਿਤ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿਚ ਫੌਜ ਵਲੋਂ ਬਾਰੂਦ ਨਾਲ ਫੂਕ ਦਿੱਤਾ ਗਿਆ ਤੇ ਵੱਡੀ ਪੱਧਰ ਤੇ ਸੰਦੂਕਾਂ ਬੋਰੀਆਂ ਵਿਚ ਪਾ ਕੇ ਲੈ ਗਈ। ਸ਼੍ਰੋਮਣੀ ਕਮੇਟੀ ਵਲੋਂ ਵਾਰ-ਵਾਰ ਯਤਨ ਕੀਤਾ ਜਾਂਦਾ ਰਿਹਾ ਕਿ ਇਹ ਇਤਿਹਾਸਕ ਅਨਮੋਲ ਖਰੜੇ ਸਾਹਿਤ ਸਾਨੂੰ ਵਾਪਸ ਕੀਤਾ ਜਾਵੇ ਜੋ ਅਜੇ ਤੀਕ ਹੋ ਨਹੀਂ ਸਕਿਆ, ਅਸੀਂ ਆਸ ਪ੍ਰਗਟਾਉਂਦੇ ਹਾਂ ਕਿ ਜਨਰਲ ਸ. ਬਿਕਰਮ ਸਿੰਘ ਇਸ ਵੱਲ ਵਿਸ਼ੇਸ਼ ਧਿਆਨ ਦੇਣਗੇ ਅਤੇ ਫੌਜ ਵਿਚ ਵੱਖ ਵੱਖ ਕੰਪਨੀਆਂ ਵਿਚ ਬਣੇ ਗੁਰਦੁਆਰਾ ਸਾਹਿਬਾਨ ਦੀ ਠੀਕ ਸਾਂਭ-ਸੰਭਾਲ ਤੇ ਮਰਯਾਦਾ ਵੱਲ ਵੀ ਵਿਸ਼ੇਸ਼ ਰੁਚੀ ਦਿਖਾਉਣਗੇ। ਇਨ੍ਹਾਂ ਧਾਰਮਿਕ ਅਸਥਾਨਾਂ ਅੰਦਰ ਸੇਵਾ ਨਿਭਾਉਣ ਵਾਲਾ ਸਟਾਫ ਗ੍ਰੰਥੀ ਸਿੰਘ ਤੇ ਸਹਿਯੋਗੀਆਂ ਦੀ ਭਰਤੀ ਯਕੀਨੀ ਬਣਾਏ ਜਾਵੇ। ਜਥੇ. ਅਵਤਾਰ ਸਿੰਘ ਨੇ ਕਿਹਾ ਕਿ ਫੌਜ ਦੀ ਭਰਤੀ ਵਿਚ ਦਿਨੋ ਦਿਨ ਸਿੱਖ ਨੌਜਵਾਨਾਂ ਦੀ ਘਟ ਰਹੀ ਗਿਣਤੀ ਨੂੰ ਵੀ ਸਹੀ ਅਨੁਪਾਤ ਵਿਚ ਲਿਆਂਦਾ ਜਾਵੇ।