ਅੰਮ੍ਰਿਤਸਰ :- ਜ਼ਿਲ੍ਹਾ ਫਿਰੋਜ਼ਪੁਰ ਦੇ ਪਿੰਡ ਮਿਰਜ਼ਾ ਲੱਖੋ ਕੇ ਵਿਖੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਦੇ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੱਤਰੇ ਫਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸਦਾ ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਵੱਲੋਂ ਗੰਭੀਰ ਨੋਟਿਸ ਲਿਆ ਤੇ ਕਿਹਾ ਕਿ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾਵਾਂ ਦੇਣੀਆਂ ਚਾਹੀਦੀਆਂ ਹਨ।
ਇਥੋਂ ਜਾਰੀ ਪ੍ਰੈਸ ਰਿਲੀਜ਼ ਰਾਹੀਂ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇ-ਅਦਬੀ ਸਬੰਧੀ ਆ ਰਹੀਆਂ ਖਬਰਾਂ ਅਤਿ ਮੰਦਭਾਗੀਆਂ ਹਨ ਤੇ ਮਨੁੱਖਤਾ ਦੇ ਰਹਿਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦੇ ਹੀ ਗੁਰੂ ਨਹੀਂ ਬਲਕਿ ਸਮੁੱਚੇ ਲੋਕਾਈ ਦੇ ਜੀਵਨ-ਜਾਚ ਹਨ ਕਿਉਂਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਿਤ ਬਾਣੀ ਪੜ੍ਹਨ ਨਾਲ ਜਿੱਥੇ ਆਤਮਿਕ ਸ਼ੁੱਧੀ ਪ੍ਰਾਪਤ ਹੁੰਦੀ ਹੈ, ਉਥੇ ਹੱਕ-ਸੱਚ ਧਰਮ ਦੀ ਕਿਰਤ-ਵਿਰਤ ਦੀ ਸੇਧ ਮਿਲਦੀ ਹੈ ਪ੍ਰੰਤੂ ਬੜੇ ਅਫਸੋਸ ਦੀ ਗੱਲ ਹੈ ਕਿ ਕੁਝ ਅਧਰਮੀ ਅਤੇ ਅਪਰਾਧੀ ਕਿਸਮ ਦੇ ਭੁੱਲੜ ਲੋਕ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੁੰਦਾ ਅਤੇ ਨਾ ਹੀ ਧਰਮ ਦੀ ਦੁਨੀਆਂ ਨਾਲ ਉਨ੍ਹਾਂ ਦਾ ਕੋਈ ਸਰੋਕਾਰ ਹੁੰਦਾ ਹੈ। ਉਹ ਲੋਕ ਪਾਵਨ ਸਰੂਪਾਂ ਨੂੰ ਕਿਸੇ ਸ਼ਰਾਰਤੀ ਅਨਸਰ ਦੇ ਕਹਿਣ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਕਰਦੇ ਹਨ ਅਜਿਹੀਆਂ ਹਿਰਦੇ-ਵੇਦਕ ਘਟਨਾ ਨੂੰ ਵੇਖ-ਸੁਣ ਕੇ ਕੋਈ ਵੀ ਸੱਚਾ ਸਿੱਖ ਬਰਦਾਸ਼ਤ ਨਹੀਂ ਕਰ ਸਕਦਾ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਸ. ਦਲਮੇਘ ਸਿੰਘ ਨੇ ਸਮੁੱਚੇ ਦੇਸ਼ ਭਰ ਦੀਆਂ ਗੁਰਦੁਆਰਾ ਕਮੇਟੀਆਂ, ਸਭਾ-ਸੁਸਾਇਟੀਆਂ, ਟਕਸਾਲਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ-ਆਪਣੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਦੇ ਗੁਰਦੁਆਰਾ ਸਾਹਿਬ ਵੱਲ ਖਾਸ ਧਿਆਨ ਦੇਣ ਤੇ ਘੱਟੋ-ਘੱਟ ਇਕ ਸਿੰਘ ਗੁਰਦੁਆਰਾ ਸਾਹਿਬ ਵਿਖੇ ਹਾਜ਼ਰ ਰਹੇ ਤਾਂ ਜੋ ਨਿਤਾ-ਪ੍ਰਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਸਬੰਧੀ ਵਾਪਰ ਰਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।