ਫਤਹਿਗੜ੍ਹ ਸਾਹਿਬ – “ਬਲਿਊ ਸਟਾਰ ਦੇ ਫੌਜ਼ੀ ਹਮਲੇ ਦੀ 28ਵੀਂ ਬਰਸੀ ਜੋ ਸਿੱਖ ਕੌਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ 6 ਜੂਨ ਨੂੰ ਮਨਾਉਣ ਜਾ ਰਹੀ ਹੈ, ਉਸ ਦਿਹਾੜੇ ਨੂੰ ਸਹੀ ਪਰਿਪੇਖ ਵਿਚ ਮਨਾਉਦੇ ਹੋਏ, ਕੌਮ ਨੂੰ ਆਪਣੀ ਆਜ਼ਾਦੀ ਦੀ ਮੰਜਿਲ ਵੱਲ ਵੱਧਣ ਲਈ ਪ੍ਰੇਰਿਤ ਕਰਨ ਦੇ ਨਾਲ-ਨਾਲ ਸਿੱਖ ਸੰਸਥਾਵਾਂ, ਸੰਤ ਸਮਾਜ, ਡੇਰਿਆ ਦੇ ਮੁੱਖੀ, ਸਿਆਸੀ ਆਗੂਆਂ ਵੱਲੋਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੀਆਂ ਜ਼ਮੀਨਾਂ-ਜਾਇਦਾਦਾਂ ਨੂੰ ਗੈਰ ਇਖ਼ਲਾਕੀ ਢੰਗਾਂ ਰਾਹੀ ਟਰੱਸਟ ਬਣਾਕੇ ਹੜੱਪਣ ਦਾ ਰੁਝਾਂਣ ਚੱਲ ਰਿਹਾ ਹੈ ਉਸ ਨੂੰ ਖ਼ਤਮ ਕਰਨ ਲਈ ਸੰਜ਼ੀਦਾਂ ਉੱਦਮ ਕੀਤੇ ਜਾਣ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੇ ਪ੍ਰਧਾਨ ਸ੍ਰੀ ਅਵਤਾਰ ਸਿੰਘ ਮੱਕੜ ਨੂੰ ਲਿਖੇ ਗਏ ਇਕ ਪੱਤਰ ਵਿਚ ਗੁਜ਼ਾਰਿਸ ਕਰਦੇ ਹੋਏ ਪ੍ਰਗਟਾਏ । ਉਹਨਾਂ ਇਸ ਪੱਤਰ ਵਿਚ ਸ. ਅਵਤਾਰ ਸਿੰਘ ਮੱਕੜ ਅਤੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ ਅਪੀਲ ਕਰਦੇ ਹੋਏ ਕਿਹਾ ਕਿ 6 ਜੂਨ ਨੂੰ ਹਰ ਸਾਲ ਰਿਵਾਇਤੀ ਤੌਰ ਤੇ ਮਨਾਉਣ ਦੀ ਬਜ਼ਾਇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆ ਅਤੇ ਅਨੇਕਾਂ ਸਿੰਘਾਂ ਸਿੰਘਣੀਆਂ ਨੇ ਜਿਸ ਮਕਸਦ ਦੀ ਪ੍ਰਾਪਤੀ ਲਈ ਸ਼ਹਾਦਤਾਂ ਦਿੱਤੀਆ ਸਨ, ਉਸ ਸੋਚ ਅਤੇ ਮਿਸ਼ਨ ਉਤੇ ਐਸ.ਜੀ.ਪੀ.ਸੀ. ਅਤੇ ਜਥੇਦਾਰ ਸਾਹਿਬਾਨ ਕੇਦਰਿਤ ਹੋਕੇ ਕੌਮ ਨੂੰ ਸਹੀ ਅਗਵਾਈ ਦੇਣ ਦਾ ਉੱਦਮ ਕਰਨ ਤਾਂ ਕਿ ਸਿੱਖ ਕੌਮ ਸੰਤਾਂ ਦੇ ਆਖਰੀ ਬਚਨ “ਕਿ ਜਿਸ ਦਿਨ ਹਿੰਦ ਹਕੂਮਤ ਸ੍ਰੀ ਦਰਬਾਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਹਮਲਾ ਕਰ ਦੇਵੇਗੀ, ਉਸ ਦਿਨ ਖ਼ਾਲਿਸਤਾਨ ਦੀ ਨੀਹ ਰੱਖੀ ਜਾਵੇਗੀ” ਦੀ ਮਹਾਨ ਸੋਚ ਨੂੰ ਪੂਰਨ ਕਰਨ ਲਈ ਦ੍ਰਿੜਤਾ ਨਾਲ ਖੁਦ ਵੀ ਅੱਗੇ ਵੱਧਣ ਅਤੇ ਕੌਮ ਨੂੰ ਵੀ ਮੰਜਿਲ ਵੱਲ ਵੱਧਣ ਲਈ ਪ੍ਰੇਰਣ । ਇਸ ਪੱਤਰ ਵਿਚ ਸ. ਮਾਨ ਨੇ ਸ਼ਹੀਦੀ ਯਾਦਗਾਰ ਸੰਬੰਧੀ ਵਿਚਾਰ ਪ੍ਰਗਟਾਉਦੇ ਹੋਏ ਕਿਹਾ ਕਿ ਜਿਥੇ ਵੀ ਮੈਂ ਸੰਗਤਾਂ ਦੇ ਇਕੱਠਾਂ ਵਿਚ ਜਾਂਦਾ ਹਾਂ, ਅਕਸਰ ਹੀ ਗੁਰਸਿੱਖ ਸਾਨੂੰ ਪੁੱਛਦੇ ਹਨ ਕਿ ਜੋ ਯਾਦਗਾਰ ਬਣਾਈ ਜਾ ਰਹੀ ਹੈ, ਉਸ ਵਿਚੋ ਸਿੱਖ ਕੌਮ ਅਤੇ ਦੂਸਰੀਆਂ ਕੌਮਾਂ ਨੂੰ ਕੋਈ ਸੰਦੇਸ਼ ਜਾਣ ਵਾਲੀ ਗੱਲ ਪ੍ਰਤੱਖ ਹੋਵੇਗੀ ਜਾਂ ਫਿਰ ਐਸ.ਜੀ.ਪੀ.ਸੀ. ਵਾਲੇ ਇਸ ਯਾਦਗਾਰ ਨੂੰ ਵੀ ਇਕ ਹੋਰ ਗੁਰਦੁਆਰੇ ਦਾ ਨਾਮ ਦੇ ਦੇਣਗੇ । ਇਸ ਲਈ ਸ. ਮਾਨ ਨੇ ਉਚੇਚੇ ਤੌਰ ਤੇ ਪ੍ਰਧਾਨ ਐਸ.ਜੀ.ਪੀ.ਸੀ. ਨੂੰ ਲਿਖਿਆ ਹੈ ਕਿ ਬਣਾਈ ਜਾ ਰਹੀ ਯਾਦਗਾਰ ਦਾ ਇਕ ਮਾਡਲ ਨਮੂਨਾ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਰੱਖਿਆ ਜਾਵੇ ਅਤੇ ਸੰਗਤਾਂ ਉਸ ਦੇ ਦਰਸ਼ਨ ਕਰਦੀਆਂ ਹੋਈਆ ਆਪਣੇ ਸੁਝਾਂਅ ਭੇਜ ਸਕਣ । ਫਿਰ ਸਮੁੱਚੀਆ ਜਥੇਬੰਦੀਆਂ ਦੀ ਸਾਂਝੀ ਰਾਇ ਅਨੁਸਾਰ ਅਜਿਹੀ ਸ਼ਹੀਦੀ ਯਾਦਗਾਰ ਬਣਾਉਣ ਦਾ ਉਪਰਾਲਾ ਕੀਤਾ ਜਾਵੇ ਜਿਸ ਵਿਚੋ ਸ਼ਹਾਦਤ ਦੇ ਮਕਸਦ ਅਤੇ ਸਿੱਖ ਕੌਮ ਦੇ ਆਜ਼ਾਦੀ ਦੇ ਨਿਸ਼ਾਨੇ ਦੀ ਗੱਲ ਪ੍ਰਤੱਖ ਰੂਪ ਵਿਚ ਜ਼ਾਹਿਰ ਹੋਵੇ ਅਤੇ ਰਹਿੰਦੀ ਦੁਨੀਆ ਤੱਕ ਇਸ ਯਾਦਗਾਰ ਦਾ ਸੰਦੇਸ਼ ਅਣਖ਼, ਇੱਜ਼ਤ ਅਤੇ ਆਬਰੂ ਨੂੰ ਹਰ ਕੀਮਤ ਤੇ ਕਾਇਮ ਰੱਖਣ ਦਾ ਸੰਦੇਸ਼ ਦਿੰਦਾ ਰਹੇ ।
ਮਾਨ ਨੇ ਇਸ ਪੱਤਰ ਦੇ ਅਖੀਰ ਵਿਚ ਐਸ.ਜੀ.ਪੀ.ਸੀ. ਦੇ ਉਹਨਾਂ ਮੈਬਰਾ, ਡੇਰਿਆ ਦੇ ਮੁੱਖੀਆਂ, ਸੰਤ ਸਮਾਜ, ਅਤੇ ਸਿਆਸਤਦਾਨਾ ਜਿਨ੍ਹਾਂ ਨੇ ਗੁਰੂ ਘਰਾਂ ਦੀਆਂ ਜ਼ਮੀਨਾਂ ਜ਼ਾਇਦਾਦਾਂ ਨੂੰ ਗੈਰ ਇਖ਼ਲਾਕੀ ਤਰੀਕੇ ਕਬਜੇ ਕਰਕੇ ਆਪਣੇ ਨਿੱਜੀ ਨਾਵਾਂ ਤੇ ਟਰੱਸਟ ਬਣਾਏ ਹੋਏ ਹਨ ਅਤੇ ਇਨ੍ਹਾਂ ਟਰੱਸਟਾਂ ਦੀ ਆਮਦਨ ਉਹਨਾਂ ਦੇ ਨਿੱਜੀ ਖਾਤਿਆ ਵਿਚ ਜਾਂਦੀ ਹੈ । ਉਹਨਾਂ ਸਭ ਜ਼ਮੀਨਾਂ ਜ਼ਾਇਦਾਦਾ ਨੂੰ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਂਟੀ ਦੇ ਅਧੀਨ ਕਰਨ ਅਤੇ ਉਹਨਾਂ ਦੀ ਆਮਦਨ ਐਸ.ਜੀ.ਪੀ.ਸੀ. ਦੇ ਖਾਤੇ ਵਿਚ ਜਮ੍ਹਾ ਹੋਣ ਦਾ ਪ੍ਰਬੰਧ ਕਰਨ ਲਈ ਬੇਨਤੀ ਵੀ ਕੀਤੀ । ਤਾਂ ਕਿ ਗੁਰੂਘਰ ਵਿਚ ਦਸਵੰਧ ਰਾਹੀ ਇਕੱਤਰ ਹੋਏ ਧੰਨ-ਦੌਲਤਾਂ ਅਤੇ ਜ਼ਮੀਨਾਂ-ਜ਼ਾਇਦਾਦਾ ਦੀ ਵਰਤੋਂ ਲੋੜਵੰਦਾ, ਸਮਾਜ ਦੇ ਕੁੱਚਲੇ ਵਰਗਾ, ਅਤੇ ਕੌਮੀ ਸਹੂਲਤਾਂ ਨੂੰ ਵਧਾਉਣ ਲਈ ਸਰਬੱਤ ਦੇ ਭਲੇ ਲਈ ਕੀਤੀ ਜਾ ਸਕੇ । ਸ. ਮਾਨ ਨੇ ਸਮੁੱਚੀ ਸਿੱਖ ਕੌਮ ਨੂੰ ਇਸ ਮਿਸ਼ਨ ਦੀ ਪ੍ਰਾਪਤੀ ਲਈ 6 ਜੂਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉਤੇ ਪਹੁੰਚਣ ਦੀ ਅਪੀਲ ਵੀ ਕੀਤੀ ।