ਅਬੁਜਾ- ਨਾਇਜੀਰੀਆ ਦੇ ਲਾਗੋਸ ਸ਼ਹਿਰ ਵਿੱਚ 153 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਜਹਾਜ਼ ਇੱਕ ਇਮਾਰਤ ਨਾਲ ਟਕਰਾ ਕੇ ਬੁਰੀ ਤਰ੍ਹਾਂ ਨਾਲ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਬਿਲਡਿੰਗ ਨਾਲ ਟਕਰਾਉਂਦਿਆਂ ਹੀ ਜਹਾਜ਼ ਵਿੱਚੋਂ ਅੱਗ ਦੀਆਂ ਲਪਟਾਂ ਨਿਕਲਣ ਲਗੀਆਂ।
ਦਾਨਾ ਏਅਰ ਲਾਈਨਜ਼ ਦਾ ਇਹ ਜਹਾਜ਼ ਅਬੁਜਾ ਤੋਂ ਲਾਗੋਸ ਜਾ ਰਿਹਾ ਸੀ ਅਤੇ ਇਸ ਵਿੱਚ 153 ਲੋਕ ਸਵਾਰ ਸਨ।ਅੱਖੀਂ ਵੇਖਣ ਵਾਲਿਆਂ ਦਾ ਕਹਿਣਾ ਹੈ ਕਿ ਜਹਾਜ਼ ਬਹੁਤ ਹੇਠਾਂ ਉਡ ਰਿਹਾ ਸੀ ਅਤੇ ਉਸ ਵਿੱਚੋਂ ਬਹੁਤ ਜੋਰ ਦੀ ਆਵਾਜ਼ ਆ ਰਹੀ ਸੀ। ਇਸ ਤੋਂ ਬਾਅਦ ਉਹ ਜਮੀਨ ਨਾਲ ਟਕਰਾ ਗਿਆ ਅਤੇ ਸਾਰੇ ਪਾਸੇ ਧੂੰਆਂ ਹੀ ਧੂੰਆਂ ਵਿਖਾਈ ਦੇ ਰਿਹਾ ਸੀ। ਬਚਾਅ ਦਸਤੇ ਲਾਸ਼ਾਂ ਨੂੰ ਮਲਬੇ ਤੋਂ ਬਾਹਰ ਕੱਢਣ ਅਤੇ ਜੇ ਕੋਈ ਯਾਤਰੀ ਜੀਊਂਦਾ ਹੋਵੇ, ਤਾਂ ਉਸ ਦੇ ਬਚਾਅ ਲਈ ਯਤਨ ਕੀਤੇ ਜਾ ਰਹੇ ਹਨ। ਨਾਇਜੀਰੀਆ ਦੇ ਜਹਾਜ਼ਰਾਨੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਹਾਜ਼ ਵਿੱਚ ਸਵਾਰ ਯਾਤਰੀਆਂ ਵਿੱਚੋਂ ਸ਼ਾਇਦ ਹੀ ਕੋਈ ਜਿੰਦਾ ਬਚਿਆ ਹੋਵੇ। ਲਾਗੋਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਸੰਖਿਆ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ।