ਲਖਨਊ-ਭਾਰਤ ਨੇ ਪਾਕਿਸਤਾਨ ਨੂੰ ਕਿਹਾ ਹੈ ਕਿ ਸ਼ਾਂਤੀ ਗਲਬਾਤ ਸ਼ੁਰੂ ਕਰਨ ਲਈ ਉਸਨੂੰ ਬੇ ਭਰੋਸਗੀ ਦੇ ਮਾਹੌਲ ਨੂੰ ਬਦਲਣਾ ਹੋਵੇਗਾ ਅਤੇ ਮੁੰਬਈ ਹਮਲਿਆਂ ਦੇ ਮਾਮਲੇ ਵਿਚ ਕਾਰਵਾਈ ਕਰਨੀ ਹੋਵੇਗੀ। ਭਾਰਤ ਦੇ ਵਿਦੇਸ਼ ਰਾਜ ਮੰਤਰੀ ਆਨੰਦ ਸ਼ਰਮਾ ਨੇ ਸ਼ੁਕਰਵਾਰ ਨੂੰ ਲਖਨਊ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੁੰਬਈ ਹਮਲਿਆਂ ਦੇ ਸਿਲਸਿਲੇ ਵਿਚ ਪਾਕਿਸਤਾਨ ਨੂੰ ਸਾਰੇ ਲੋੜੀਂਦੇ ਸਬੂਤ ਦੇ ਦਿੱਤੇ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਅਜਿਹੇ ਕਦਮ ਚੁੱਕਣੇ ਚਾਹੀਦੇ ਹਨ, ਜਿਨ੍ਹਾਂ ਨਾਲ ਵਿਸ਼ਵਾਸ ਫਿਰ ਤੋਂ ਪੈਦਾ ਹੋ ਸਕੇ ਅਤੇ ਸ਼ਾਂਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਮਾਹੌਲ ਬਣ ਸਕੇ। ਸ਼ਰਮਾ ਨੇ ਕਿਹਾ ,” ਮੁੰਬਈ ਹਮਲਿਆਂ ਦੀ ਜਾਂਚ ਦੇ ਸਿਲਸਿਲੇ ਵਿਚ ਪਾਕਿਸਤਾਨੀ ਨੂੰ ਦੋਹਰੀਆਂ ਗੱਲਾਂ ਕਰਕੇ ਭਰਮ ਫੈਲਾਉਣ ਤੋਂ ਬਚਣਾ ਚਾਹੀਦਾ ਹੈ।” ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਕੌਮਾਂਤਰੀ ਭਾਈਚਾਰੇ ਦੇ ਸਨਮੁੱਖ ਪ੍ਰਗਟਾਈ ਪ੍ਰਤੀਬੱਧਤਾ ਨੂੰ ਪੂਰਿਆਂ ਕਰਨਾ ਚਾਹੀਦਾ ਹੈ। ਇਹ ਪੁੱਛੇ ਜਾਣ ‘ਤੇ ਕਿ ਕੀ ਮੁੰਬਈ ਹਮਲਿਆਂ ਦੀ ਪਾਕਿਸਤਾਨ ਵਿਚ ਜਾਰੀ ਜਾਂਚ ਤੋਂ ਉਹ ਸੰਤੁਸ਼ਟ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੂੰ ਸਾਰੇ ਲੋੜੀਂਦੇ ਸਬੂਤ ਦੇ ਦਿੱਤੇ ਗਏ ਹਨ ਜਿਨ੍ਹਾਂ ਤੋਂ ਸਪਸ਼ਟ ਹੁੰਦਾ ਹੈ ਕਿ ਜਿਹੜੀਆਂ ਜਥੇਬੰਦੀਆਂ ਇਸਦੇ ਪਿੱਛੇ ਸਨ ਉਹ ਪਾਕਿਸਤਾਨ ਵਿਚ ਹਨ ਅਤੇ ਉਨ੍ਹਾਂ ਨੂੰ ਇਨ੍ਹਾਂ ‘ਤੇ ਕਾਰਵਾਈ ਕਰਨੀ ਹੋਵੇਗੀ।
ਵਿਦੇਸ਼ ਰਾਜ ਮੰਤਰੀ ਨੇ ਕਿਹਾ, “ਸਿਰਫ਼ ਇਕ ਹੱਲ ਹੈ। ਅਤਿਵਾਦੀ ਸਰਗਰਮੀਆਂ ਕਰ ਰਹੀਆਂ ਜਥੇਬੰਦੀਆਂ ਨੂੰ ਖ਼ਤਮ ਕੀਤਾ ਜਾਵੇ, ਅਜਿਹੀਆਂ ਸਰਗਰਮੀਆਂ ਲਈ ਜਿ਼ੰਮੇਵਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਇਹ ਜਿ਼ੰਮੇਵਾਰੀ ਪਾਕਿਸਤਾਨ ਸਰਕਾਰ ਦੀ ਹੈ।” ਉਨ੍ਹਾਂ ਦੇ ਬਿਆਨ ਤੋਂ ਪਹਿਲਾਂ ਰੱਖਿਆ ਮੰਤਰੀ ਏ ਕੇ ਐਂਟਨੀ ਨੇ ਕਿਹਾ ਸੀ ਕਿ ਮੁੰਬਈ ਹਮਲਿਆਂ ਲਈ ਹਮਲਾਵਰ ਕਰਾਚੀ ਤੋਂ ਹੀ ਸਮੁੰਦਰ ਰਾਹੀਂ ਆਏ ਸਨ। ਜਿ਼ਕਰਯੋਗ ਹੈ ਕਿ ਪਾਕਿਸਤਾਨੀ ਨੌਸੈਨਾ ਦੇ ਮੁੱਖੀ ਨੇ ਸ਼ੁਕਰਵਾਰ ਨੂੰ ਕਿਹਾ ਸੀ ਕਿ ਇਸ ਗੱਲ ਦੇ ਸਬੂਤ ਨਹੀਂ ਹਨ ਕਿ ਮੁੰਬਈ ਹਮਲਿਆਂ ਦੌਰਾਨ ਗ੍ਰਿਫਤਾਰ ਮੁਹੰਮਦ ਅਜਮਲ ਕਸਾਬ ਕਰਾਚੀ ਤੋਂ ਮੁੰਬਈ ਪਹੁੰਚਿਆ ਸੀ।
ਸ਼ਾਂਤੀ ਬਹਾਲੀ ਲਈ ਪਾਕਿਸਤਾਨ ਕਦਮ ਚੁੱਕੇ
This entry was posted in ਭਾਰਤ.