ਅੰਮ੍ਰਿਤਸਰ:- ਜੂਨ 1984 ‘ਚ ਸਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਇਤਿਹਾਸਕ ਅਸਥਾਨਾਂ ਤੇ ਸਮੇਂ ਦੀ ਕੇਂਦਰੀ ਸਰਕਾਰ ਵਲੋਂ ਆਪਣੇ ਹੀ ਦੇਸ਼ ਦੀ ਫੌਜ ਕੋਲੋ ਹਮਲਾ ਕਰਵਾ ਕੇ ਭਗਤੀ ਤੇ ਸ਼ਕਤੀ ਦੇ ਪ੍ਰਤੀਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ ਤੇ ਹਜ਼ਾਰਾਂ ਬੇਦੋਸ਼ੇ ਸਿੰਘ- ਸਿੰਘਣੀਆਂ ਨੂੰ ਸ਼ਹੀਦ ਕਰ ਦਿੱਤਾ। ਭਾਰਤੀ ਫੌਜ ਵਲੋ ਕੀਤੀ ਇਸ ਕਾਰਵਾਈ ਦਾ ਡੱਟਕੇ ਵਿਰੋਧ ਕਰਦੇ ਹੋਏ ਦਮਦਮੀ ਟਕਸਾਲ ਦੇ ਮੁਖੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ, ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਤੇ ਜਨਰਲ ਸ਼ਬੇਗ ਸਿੰਘ ਦੀ ਅਗਵਾਈ ਚ ਸੈਂਕੜੇ ਜੁਝਾਰੂ ਸਿੰਘ ਸ਼ਹੀਦ ਹੋ ਗਏ। ਸ਼ਹੀਦ ਹੋਏ ਉਨ੍ਹਾਂ ਸਿੰਘਾਂ ਦੀ 28 ਵੀਂ ਯਾਦ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਵਿਖੇ ਸ੍ਰੀ ਅਖੰਡਪਾਠ ਸਾਹਿਬ ਦੀ ਦੇ ਭੋਗ ਪਾਏ ਗਏ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲਿਆਂ ਦੇ ਰਾਗੀ ਜਥੇ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਰਦਾਸ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਹੈਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਕੀਤੀ ਗਈ, ਉਪਰੰਤ ਹੁਕਮਨਾਮਾਂ ਗਿਆਨੀ ਗੁਰਮੁੱਖ ਸਿੰਘ ਹੈਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਨੇ ਲਿਆ।
ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਘਲੂਘਾਰੇ ਦੀ ਯਾਦ ਮਨਾਉਂਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜਥੇਦਾਰ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਤੇ ਸਿੰਘ ਸਾਹਿਬ ਗਿਆਨੀ ਮੱਲ ਸਿੰਘ ਵੱਲੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਜਿੰਦਾ ਸ਼ਹੀਦ ਦੀ ਉਪਾਧੀ ਬਖਸ਼ਿਸ਼ ਕੀਤੀ ਗਈ, ਜਿਸ ਵਿੱਚ ਤਸਤਰੀ, ਸਿਰੀ ਸਾਹਿਬ, ਲੋਈ ਤੇ ਸਿਰੋਪਾਓ ਦੀ ਬਖਸ਼ਿਸ਼ ਉਹਨਾਂ ਦੀ ਭੈਣ ਬੀਬੀ ਕਮਲਦੀਪ ਕੌਰ ਨੇ ਪ੍ਰਾਪਤ ਕੀਤੀ।
ਇਸ ਮੌਕੇ ਜੁੜੀਆਂ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਦੇਸ਼ ਦੇਂਦਿਆਂ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਕਿਹਾ ਕਿ ਜੂਨ 1984 ਦੇ ਘੱਲੂਘਾਰੇ ਸਮੇਂ ਭਗਤੀ ਤੇ ਸ਼ਕਤੀ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ ਦੀ ਪਵਿੱਤਰਤਾ ਕਾਇਮ ਰੱਖਦਿਆਂ ਸ਼ਹੀਦ ਹੋਏ ਕੌਮੀ ਪਰਵਾਨਿਆਂ ਦੀ ਸਿਮਰਤੀ ਵਿੱਚ ਪੰਥਕ ਜਜ਼ਬੇ ਨਾਲ ਸ਼ਰਧਾ ਸਹਿਤ 28 ਵਾਂ ਘੱਲੂਘਾਰਾ ਦਿਵਸ ਮਨਾਉਣ ਲਈ ਇਕੱਤਰ ਹੋਏ ਗੁਰੂ ਪਿਆਰੇ ਖਾਲਸਾ ਜੀ ਵਕਤ ਦੇ ਜਾਬਰ ਹੁਕਮਰਾਨਾ ਨੇ ਸਾਡੀ ਹੋਂਦ, ਹਸਤੀ ਤੇ ਪਹਿਚਾਣ ਨੂੰ ਮਲੀਆਮੇਟ ਕਰਨ ਦਾ ਨਾਪਾਕ ਯਤਨ ਕੀਤਾ। ਉਨ੍ਹਾਂ ਕਿਹਾ ਕਿ ਇਹ ਵੀ ਹਕੀਕਤ ਹੈ ਕਿ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਆਪਣੇ ਸਿਰਜਨਾ ਕਾਲ ਤੋਂ ਲੈ ਕੇ ਅੱਤਿਆਚਾਰੀ ਅਤੇ ਅਨਿਆਕਾਰੀ ਹਾਕਮਾਂ ਦੀਆਂ ਅੱਖਾਂ ਵਿੱਚ ਰੜਕਦੇ ਆਏ ਹਨ। ਉਨ੍ਹਾਂ ਅਕਾਲ ਤਖਤ ਤੋਂ ਜਾਰੀ ਸੰਦੇਸ਼ ਵਿੱਚ ਕਿਹਾ ਕਿ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੁਆਰਾ ਸਿਰਜਿਆ ਸ੍ਰੀ ਅਕਾਲ ਤਖ਼ਤ ਸਾਹਿਬ ਸਾਡੇ ਪੁਰਖਿਆਂ ਦੀ ਇਤਿਹਾਸਕ ਸ਼ਕਤੀ ਤੇ ਫ਼ਤਹਿ ਦਾ ਅਲੰਬਰਦਾਰ ਹੈ। ਸਾਡੇ ਧਰਮਵੀਰ ਬਹਾਦਰ ਸੂਰਬੀਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਗਵਾਈ ਲੈ ਕੇ ਸਦਾ ਹੀ ਆਪਣਾ ਸ਼ਾਨਾਮੱਤਾ ਗੌਰਵਮਈ ਇਤਿਹਾਸ ਸਿਰਜਿਆ ਹੈ। ਸਮੁੱਚੀ ਮਾਨਵਤਾ ਦੇ ਕਲਿਆਣ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਸਿੱਖ ਪੰਥ ਦਾ ਮਹਾਨ ਸਿਧਾਂਤ ਹੈ। ਸਿੱਖ ਪੰਥ ਸਮਾਜਿਕ ਬੁਰਾਈਆਂ ਤੇ ਮਨੁੱਖੀ ਗੁਲਾਮੀ ਵਿਰੁੱਧ ਸੱਚ ਲਈ ਸਦਾ ਹੀ ਜੀਅ ਜਾਨ ਨਾਲ ਜੂਝਿਆ ਤੇ ਜੂਝਦਾ ਰਹੇਗਾ। ਉਨ੍ਹਾਂ ਹੋਰ ਕਿਹਾ ਕਿ ਗੁਰੂ ਦੇ ਸਿੱਖਾਂ ਨੇ ਉੱਚੇ ਸੁੱਚੇ ਸਿੱਖੀ ਸਿਧਾਂਤਾਂ ਲਈ ਹਰ ਕੁਰਬਾਨੀ ਦਿੱਤੀ ਹੈ, ਕਿਉਂਕਿ ਸੂਰਬੀਰ ਯੋਧਿਆਂ ਦਾ ਧਰਮ ਲਈ ਕੁਰਬਾਨ ਹੋਣਾ ਮੁੱਢਲਾ ਅਧਿਕਾਰ ਹੈ, ‘ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥’ ਹਰ ਸਾਲ 6 ਜੂਨ ਦਾ ਦਿਨ ਸਮੁੱਚੇ ਪੰਥ ਨੂੰ ਭਾਰਤੀ ਸਰਕਾਰ ਦੀ ਉਸ ਗਿਣੀ ਮਿੱਥੀ ਚਾਲ ਤੇ ਘਿਨਾਉਣੀ ਘਟਨਾ ਦੀ ਕੌੜੀ ਯਾਦ ਦਿਵਾਉਂਦਾ ਹੈ, ਜਦ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਏ ਹਜਾਰਾਂ ਸ਼ਰਧਾਲੂ, ਬੀਬੀਆਂ ਤੇ ਬੱਚੇ ਗੋਲੀਆਂ ਨਾਲ ਭੁੰਨ ਦਿੱਤੇ ਗਏ। ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਦਾ ਪੈਗਾਮ ਦੇਣ ਵਾਲੇ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਧਾਮਾਂ ਉਤੇ ਆਪਣੇ ਹੀ ਦੇਸ਼ ਦੀ ਸਰਕਾਰ ਵਲੋਂ ਫੌਜੀ ਹਮਲਾ ਕੀਤਾ ਗਿਆ। ਇਹ ਜਬਰ ਤੇ ਜ਼ੁਲਮ ਦੀ ਅੱਤ ਸੀ। ਉਨ੍ਹਾਂ ਸੰਦੇਸ਼ ਜਾਰੀ ਰੱਖਦਿਆਂ ਕਿਹਾ ਕਿ ਇਸ ਨਾਲ ਦਿੱਲੀ ਦੇ ਤਾਨਾਸ਼ਾਹ ਤਾਜਦਾਰਾਂ ਪ੍ਰਤੀ ਸਮਾਜ ਵਿੱਚ ਘ੍ਰਿਣਾ ਤੇ ਨਫ਼ਰਤ ਪੈਦਾ ਹੋਈ ਅਤੇ ਅਮਰ ਸ਼ਹੀਦ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਸਮੂਹ ਮਰਜੀਵੜਿਆਂ ਪ੍ਰਤੀ ਸ਼ਰਧਾ ਤੇ ਕੌਮੀ ਜਜਬਾ ਹੋਰ ਪ੍ਰਚੰਡ ਹੋਇਆ। ਸੱਚ ਦੀ ਸਦਾ ਜਿੱਤ ਹੁੰਦੀ ਹੈ ਅਤੇ ਤੁਸੀਂ ਦੇਖ ਰਹੇ ਹੋ ਕਿ ਖਾਲਸਾ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਸਿੱਖ ਸੰਸਥਾਵਾਂ, ਸੰਪਰਦਾਵਾਂ, ਟਕਸਾਲਾਂ, ਨਿਹੰਗ ਸਿੰਘ ਜਥੇਬੰਦੀਆਂ ਤੇ ਪੰਥ ਦਰਦੀਆਂ ਦੇ ਸਹਿਯੋਗ ਨਾਲ 84 ਦੇ ਘੱਲੂਘਾਰੇ ਦੇ ਸ਼ਹੀਦਾਂ ਦੀ ਸਦੀਵੀ ਯਾਦ ਸਥਾਪਤ ਕਰਦਿਆਂ ਸ਼ਹੀਦੀ ਯਾਦਗਾਰ ਦਾ ਨਿਰਮਾਣ ਕਰਨ ਲਈ 20 ਮਈ, 2012 ਨੂੰ ਸ਼ੁਭ ਆਰੰਭ ਕੀਤਾ ਗਿਆ ਹੈ। ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਇਸ ਤੋਂ ਅਗਵਾਈ ਲੈ ਕੇ ਧਰਮ ਕਰਮ ਵਿੱਚ ਪ੍ਰਪੱਕ ਹੋਣਗੀਆਂ। ਜੂਨ 1984 ‘ਚ ਹੀ ਬਹੁਤ ਸਾਰੇ ਨਿਰਦੋਸ਼ ਗੁਰਸਿੱਖਾਂ ਨੂੰ ਫੜ੍ਹ ਕੇ ਕਾਲ ਕੋਠੜੀਆਂ ‘ਚ ਬੰਦੀ ਬਣਾਇਆ ਗਿਆ, ਜਿੰਨਾਂ ਵਿਚੋਂ ਕੁਝ ਨੂੰ ਦਹਾਕਿਆਂ ਬਾਅਦ ਰਿਹਾਅ ਕੀਤਾ ਗਿਆ ਪਰ ਅਜੇ ਵੀ ਬਹੁਤ ਸਾਰੇ ਧਰਮੀ ਜੀਉੜੇ ਗੁਰਸਿੱਖ ਕਾਲ ਕੋਠੜੀਆਂ ‘ਚ ਕੈਦ ਹਨ ਜਿੰਨ੍ਹਾਂ ਤੇ ਸਮੇਂ ਦੀ ਸਰਕਾਰ ਵਲੋਂ ਨਾ ਤਾਂ ਕੋਈ ਮੁਕੱਦਮਾ ਚਲਾਇਆ ਜਾ ਰਿਹਾ ਹੈ ਤੇ ਨਾ ਹੀ ਉਨ੍ਹਾਂ ਨੂੰ ਰਿਹਾਅ ਕੀਤਾ ਜਾ ਰਿਹਾ ਹੈ। ਅੱਜ ਲੋੜ ਹੈ ਕਿ ਅਸੀਂ ਜਾਤੀ ਤੇ ਜਮਾਤੀ ਤੌਰ ਤੇ ਸਰਕਾਰ ਤੇ ਦਬਾਅ ਪਾ ਕੇ ਇਨ੍ਹਾਂ ਨਿਰਦੋਸ਼ ਧਰਮੀ ਸਿੱਖਾਂ ਨੂੰ ਰਿਹਾਅ ਕਰਵਾ ਸਕੀਏ। ਉਨ੍ਹਾਂ ਕਿਹਾ ਕਿ ਜੂਨ 84 ਦੇ ਘੱਲੂਘਾਰੇ ਦੇ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੈ ਕਿ ਸੰਗਤੀ ਰੂਪ ਵਿੱਚ ਕੁਝ ਪ੍ਰਣ ਕਰੀਏ ਕਿ ਸਮੂਹ ਮਾਈ ਭਾਈ ਆਪਣੇ ਸ਼ਹੀਦਾਂ ਦੀ ਕੁਰਬਾਨੀ ਤੋਂ ਪ੍ਰੇਰਨਾ ਲੈ ਕੇ ਬਾਣੀ ਤੇ ਬਾਣੇ ਦੇ ਧਾਰਨੀ ਬਣਨ। ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸੇਧ ਲੈ ਕੇ ਪੰਥਕ ਰਹਿਤ ਮਰਯਾਦਾ ਉਪਰ ਪਹਿਰਾ ਦਿੰਦੇ ਹੋਏ, ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਅਨੁਸਾਰ ਜੀਵਨ ਜੀਵੀਏ। ਸਿੱਖ ਪੰਥ ਇਕ ਬਾਗ ਦੀ ਨਿਆਈ ਹੈ, ਇਸ ਲਈ ਸਮੂਹ ਸੰਪਰਦਾਵਾਂ, ਟਕਸਾਲਾਂ, ਨਿਰਮਲੇ, ਉਦਾਸੀ, ਸਟੱਡੀ ਸਰਕਲ, ਮਿਸ਼ਨਰੀ ਵੀਰ, ਸਿੰਘ ਸਭਾਵਾਂ, ਸਭਾ ਸੁਸਾਇਟੀਆਂ ਆਪਸੀ ਸਾਂਝ ਨੂੰ ਵਧਾਉਣ ਦੇ ਪਰਪੱਕ ਕਰਨ ਤਾਂ ਕਿ ਸਾਡੀ ਸ਼ਕਤੀ ਅੱਗੇ ਧਰਮ ਦੋਖੀ ਤਾਕਤਾਂ ਸ਼ਕਤੀਹੀਣ ਹੋ ਜਾਣ। ਉਹਨਾਂ ਮੌਕੇ ਦੇ ਹਲਾਤਾਂ ਤੇ ਬੋਲਦਿਆਂ ਕਿਹਾ ਕਿ ਨਸ਼ੇ-ਪਤਿਤਪੁਣਾ, ਭਰੂਣ ਹੱਤਿਆ ਅਤੇ ਦੇਹਧਾਰੀ ਗੁਰੂ ਡੰਮ ਜਾਂ ਹੋਰ ਸਮਾਜਿਕ ਬੁਰਾਈਆਂ ਸਭ ਦੂਰ ਹੋ ਜਾਣਗੀਆਂ ਜੇ ਕਰ ਹਰ ਸਿੱਖ ਆਪਣੀ ਸੁਰਤ ਨੂੰ ਬਲਵਾਨ ਕਰੇ। ਕਿਰਤ ਕਰੋ-ਨਾਮ ਜਪੋ-ਵੰਡ ਛਕੋ ਇਸ ਦਾ ਅਧਾਰ ਹੈ। ਪੂਜਾ ਅਕਾਲ ਕੀ, ਪਰਚਾ ਸ਼ਬਦ ਕਾ, ਦੀਦਾਰ ਖਾਲਸੇ ਕਾ ਆਦਿ ਇਸ ਤੋਂ ਵੱਡਾ ਸੁਰਤ ਲਈ ਥੰਮ ਕੋਈ ਨਹੀਂ। ਸੇਵਾ-ਸਿਮਰਨ, ਬਾਣੀ-ਬਾਣਾ, ਸ਼ਰਧਾ-ਭਾਵਨਾ ਸੁਰਤ ਨੂੰ ਡੋਲਣ ਨਹੀਂ ਦੇਣਗੇ। ਇਹੀ ਆਪੇ ਦੀ ਪਹਿਚਾਣ ਹੈ।
ਜੂਨ 1984 ‘ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਤੇ ਸ਼ਾਨ ਦੀ ਰਾਖੀ ਕਰਦਿਆਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾ ਵਾਲਿਆਂ ਦੀ ਅਗਵਾਈ ‘ਚ ਸੈਂਕੜੇ ਜੁਝਾਰੂ ਸਿੰਘਾਂ ਦੀ ਸ਼ਹੀਦੀ ਯਾਦਗਾਰ ਦਾ ਨੀਹ ਪੱਥਰ ਸਿੰਘ ਸਾਹਿਬਾਨ ਗਿਆਨੀ ਗੁਰਬਚਨ ਸਿੰਘ, ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਤੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰੱਖਿਆ ਗਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਜਿਹੜੀ ਕੌਮ ਆਪਣੇ ਸ਼ਹੀਦਾਂ ਨੂੰ ਯਾਦ ਨਹੀ ਰੱਖਦੀ ਉਹ ਸਦਾ ਵਾਸਤੇ ਦੁਨੀਆਂ ਦੇ ਨਕਸ਼ੇ ਤੋਂ ਮਿਟ ਜਾਂਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਿਰਮੌਰ ਧਾਰਮਿਕ ਜਥੇਬੰਦੀ ਹੈ ਤੇ ਸਿੱਖਾਂ ਦੀਆਂ ਭਾਵਨਾ ਅਨੁਸਾਰ1984 ਦੇ ਸ਼ਹੀਦਾਂ ਦੀ ਯਾਦਗਾਰ ਬਨਾਉਣ ਦਾ ਫੈਸਲਾ ਕਰਕੇ ਕਾਰ ਸੇਵਾ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਨੂੰ ਸੌਂਪੀ ਗਈ ਹੈ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜੁਆਬ ਵਿੱਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਯਾਦਗਾਰ ਬਨਣ ਸਬੰਧੀ ਕਿੰਤੂ ਨਹੀ ਕਰਨਾ ਚਾਹੀਦਾ ਤੇ ਜੇਕਰ ਉਹਨਾਂ ਨੇ ਅਜਿਹਾ ਕਰਨਾ ਹੈ ਤਾਂ ਫਿਰ 1984 ‘ਚ ਉਨ੍ਹਾਂ ਅਸਤੀਫਾ ਕਿਉ ਦਿੱਤਾ ਸੀ, ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ‘ਚ ਜਾਣ ਕਰਕੇ ਆਪਣੀ ਮਾਨਸਿਕਤਾ ਵੀ ਬਦਲ ਰਹੇ ਹਨ।
28ਵੇਂ ਘਲੂਘਾਰਾ ਦੇ ਸਮਾਗਮ ਸਮੇਂ ਭਾਈ ਈਸਰ ਸਿੰਘ ਸਪੁੱਤਰ ਸੰਤ ਜਰਨੈਲ ਸਿੰਘ ਖਾਲਸਾ ਮੁੱਖੀ ਦਮਦਮੀ ਟਕਸਾਲ, ਬੀਬੀ ਗੁਰਮੀਤ ਕੌਰ ਸੁਪਤਨੀ ਸ਼ਹੀਦ ਭਾਈ ਅਮਰੀਕ ਸਿੰਘ, ਭਾਈ ਮਨਜੀਤ ਸਿੰਘ, ਭਗਤਾ ਭਾਈ ਅਮਰੀਕ ਸਿੰਘ, ਭਾਈ ਜਸਪਾਲ ਸਿੰਘ ਦੇ ਪਿਤਾ ਸ.ਗੁਰਚਰਨਜੀਤ ਸਿੰਘ, ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਬੀਬੀ ਕਮਲਦੀਪ ਕੌਰ, ਭਾਈ ਸਤਵੰਤ ਸਿੰਘ ਦੀ ਮਾਤਾ ਬੀਬੀ ਪਿਆਰ ਕੌਰ, ਭਾਈ ਜਗੀਰ ਸਿੰਘ ਦੇ ਸਪੁੱਤਰ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਰ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੂੰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਿਰੋਪਾਓ ਨਾਲ ਸਨਮਾਨਿਤ ਕੀਤਾ ਗਿਆ।