ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਗੋਨੇਆਣਾ ਅਤੇ ਸਹਿਕਾਰਤਾ ਵਿਭਾਗ, ਸ੍ਰੀ ਮੁਕਤਸਰ ਸਾਹਿਬ ਵੱਲੋਂ ਅੱਜ ਪਿੰਡ ਲਾਲਬਾਈ ਵਿਖੇ ਸਾਉਣੀ ਦੀਆਂ ਫਸਲਾਂ ਸੰਬੰਧੀ ਕਿਸਾਨ ਗੋਸ਼ਟੀ ਆਯੋਜਿਤ ਕੀਤੀ ਗਈ ਜਿਸ ਵਿੱਚ ਲਗਭਗ 125 ਕਿਸਾਨਾਂ ਨੇ ਭਾਗ ਲਿਆ । ਇਸ ਕਿਸਾਨ ਗੋਸ਼ਟੀ ਦੀ ਪ੍ਰਧਾਨਗੀ ਕਰ ਰਹੇ ਡਾ. ਨਿਰਮਲਜੀਤ ਸਿੰਘ ਧਾਲੀਵਾਲ, ਡਿਪਟੀ ਡਾਇਰੈਕਟਰ, ਕ੍ਰਿਸ਼ੀ ਵਿਗਿਆਨ ਕੇਂਦਰ, ਗੋਨੇਆਣਾ ਵੱਲੋਂ ਦੱਸਿਆ ਗਿਆ ਕਿ ਪੇਂਡੂ ਬੇਰੁਜਗਾਰ ਲੜਕੇ ਅਤੇ ਲੜਕੀਆਂ ਲਈ ਕਿੱਤਾ ਮੁੱਖੀ ਸਿਖਲਾਈ ਕੋਰਸ ਜਿਵੇਂ ਕਿ ਮੱਖੀ ਪਾਲਣ, ਪਸ਼ੂ ਪਾਲਣ, ਖੁੰਬ ਉਤਪਾਦਨ ਅਤੇ ਗ੍ਰਹਿ ਵਿਗਿਆਨ ਸਬੰਧੀ ਕੋਰਸ ਆਯੋਜਿਤ ਕੀਤੇ ਜਾਂਦੇ ਹਨ । ਜਿਨ੍ਹਾਂ ਰਾਹੀਂ ਪੇਂਡੂ ਬੇਰੁਜਗਾਰ ਲੜਕੇ ਅਤੇ ਲੜਕੀਆਂ ਅਪਣਾ ਸਵੈ ਰੋਜਗਾਰ ਚਲਾ ਸਕਦੇ ਹਨ । ਇਸ ਕਿਸਾਨ ਗੋਸ਼ਟੀ ਵਿੱਚ ਬਤੌਰ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਸ੍ਰੀ
ਰਾਜਕੁਮਾਰ ਉਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਸ੍ਰੀ ਮੁਕਤਸਰ ਸਾਹਿਬ ਵੱਲੋਂ ਆਏ ਹੋਏ ਕਿਸਾਨਾਂ ਨੂੰ ਵੱਧ ਤੋਂ ਵੱਧ ਸਹਿਕਾਰਤਾ ਲਹਿਰ ਨਾਲ ਜੁੜਨ ਲਈ ਪ੍ਰੇਰਿਆ । ਉਨ੍ਹਾਂ ਕਿਹਾ ਕਿ ਆਉਣ ਵਾਲੇ ਸਾਉਣੀ ਦੇ ਸੀਜਨ ਦੌਰਾਨ ਸਹਿਕਾਰੀ ਸਭਾਵਾਂ ਵਿੱਚ ਕਿਸਾਨਾਂ ਲਈ ਖਾਦ ਅਤੇ ਹੋਰ ਲੋੜੀਦੀਂਆਂ ਵਸਤਾਂ ਦੀ ਘਾਟ ਨਹੀ ਆਉਣ ਦਿਤੀ ਜਾਵੇਗੀ । ਉਨ੍ਹਾਂ ਇਹ ਵੀ ਯਕੀਨ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਹਰ ਤਰਾਂ ਦੇ ਖੇਤੀ ਸੰਦ ਬਹੁ-ਮੰਤਵੀ ਸਹਿਕਾਰੀ ਸਭਾ ਲਾਲਬਾਈ ਵਿਖੇ ਉਪਲਬਧ ਕਰਵਾਏ ਜਾਣਗੇ । ਇਸ ਦੌਰਾਨ ਡਾ. ਅਜੇ ਕੁਮਾਰ, ਸਹਾਇਕ ਪ੍ਰਫੈਸਰ (ਭੂਮੀ ਵਿਗਿਆਨ) ਨੇ ਮਿੱਟੀ ਅਤੇ ਪਾਣੀ ਪਰਖ ਕਰਵਾਉਣ ਤੇ ਜੋਰ ਦਿੱਤਾ ਅਤੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੀ ਸਾਉਣੀ ਦੀ ਫਸਲ ਵਿਚ ਸੁਚੱਜੇ ਖਾਦ ਅਤੇ ਪਾਣੀ ਪ੍ਰਬੰਧ ਬਾਰੇ ਵਿਸਥਾਰ ਪੂਰਵਕ ਦੱਸਿਆ । ਡਾ. ਪ੍ਰਦੀਪ ਗੋਇਲ, ਸਹਾਇਕ ਪ੍ਰਫੈਸਰ (ਫਸਲ ਵਿਗਿਆਨ) ਵੱਲੋਂ ਸਾਉਣੀ ਦੀਆਂ ਫਸਲਾਂ ਵਿੱਚ ਪਾਣੀ ਅਤੇ ਨਦੀਨਾਂ ਦੇ ਸੁਚੱਜੇ ਪ੍ਰਬੰਧ ਬਾਰੇ ਵਿਸਥਾਰ ਪੂਰਵਕ ਦੱਸਿਆ । ਇਸ ਤੋਂ ਇਲਾਵਾ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ । ਉਹਨਾਂ ਨੇ ਦੱਸਿਆ ਕਿ ਝੋਨੇ/ਬਾਸਮਤੀ ਦੀ ਸਿੱਧੀ ਬਿਜਾਈ ਰੇਤਲੀਆਂ ਜ਼ਮੀਨਾਂ ਵਿੱਚ ਕਰਨ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਰੇਤਲੀਆਂ ਜ਼ਮੀਨਾਂ ਵਿੱਚ ਲੋਹੇ ਦੀ ਘਾਟ ਬਹੁਤ ਜਿਆਦਾ ਆ ਜਾਂਦੀ ਹੈ । ਡਾ ਕਰਮਜੀਤ ਸ਼ਰਮਾ, ਸਹਿਯੋਗੀ ਪ੍ਰਫੈਸਰ (ਪਸਾਰ ਸਿੱਖਿਆ) ਨੇ ਆਏ ਹੋਏ ਕਿਸਾਨ ਵੀਰਾਂ ਨੂੰ ਖੇਤੀ ਖਰਚੇ ਘਟਾਉਣ ਅਤੇ ਖੇਤੀ ਸਾਹਿਤ ਪੜਣ ਲਈ ਪ੍ਰੇਰਿਤ ਕੀਤਾ ਅਤੇ ਨਾਲ ਹੀ ਉਹਨਾਂ ਨੇ ਕਿਸਾਨਾਂ ਨੂੰ ਘਰੇਲੂ ਬਗੀਚੀ ਅਪਣਾਉਣ ਲਈ ਕਿਹਾ । ਅਖੀਰ ਵਿੱਚ ਬਹੁ-ਮੰਤਵੀ ਸਹਿਕਾਰੀ ਸਭਾ ਲਾਲਬਾਈ ਦੇ ਸਕੱਤਰ ਵੱਲੋਂ ਕਿਸਾਨਾਂ ਅਤੇ ਯੂਨੀਵਰਸਿਟੀ ਦੇ ਮਾਹਰਾਂ ਦਾ ਧੰਨਵਾਦ ਕੀਤਾ ।
ਕੇ.ਵੀ.ਕੇ. ਵੱਲੋਂ ਸਾਉਣੀ ਦੀਆਂ ਫਸਲਾਂ ਸੰਬੰਧੀ ਕਿਸਾਨ ਗੋਸ਼ਟੀ ਆਯੋਜਿਤ
This entry was posted in ਪੰਜਾਬ.