ਲਾਹੌਰ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ਼ ਰਜ਼ਾ ਗਿਲਾਨੀ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਰਿਸ਼ਤੇ ਇਸ ਸਮੇਂ ਸੱਭ ਤੋਂ ਵਧੀਆ ਦੌਰ ਵਿੱਚ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਭਾਰਤ ਤੋਂ ਬਿਜਲੀ ਅਤੇ ਗੈਸ ਦਾ ਆਯਾਤ ਕਰਨ ਲਈ ਕੁਝ ਅਜਿਹੇ ਕਦਮ ਊਠਾਉਣ ਦੀ ਤਿਆਰੀ ਵਿੱਚ ਹੈ, ਜਿਨ੍ਹਾਂ ਨੂੰ ਕਰਾਂਤੀਕਾਰੀ ਕਿਹਾ ਜਾ ਸਕਦਾ ਹੈ।
ਪ੍ਰਧਾਨਮੰਤਰੀ ਗਿਲਾਨੀ ਨੇ ਲਾਹੌਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਕਿਸਤਾਨ ਆਪਣੇ ਸਾਰੇ ਗਵਾਂਢੀ ਦੇਸ਼ਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਇਸ ਦਿਸ਼ਾ ਵਿੱਚ ਕੀਤੇ ਗਏ ਯਤਨਾਂ ਦੇ ਸਕਾਰਤਮਕ ਪਰਿਣਾਮ ਸਾਹਮਣੇ ਆ ਰਹੇ ਹਨ। ਪ੍ਰਧਾਨਮੰਤਰੀ ਨੇ ਕਿਹਾ ਕਿ ਭਾਰਤ ਤੋਂ ਇਲਾਵਾ ਚੀਨ, ਈਰਾਨ,ਰੂਸ ਅਤੇ ਅਫ਼ਗਾਨਿਸਤਾਨ ਨਾਲ ਵੀ ਇਸ ਸਮੇਂ ਸਾਡੇ ਰਿਸ਼ਤੇ ਹੁਣ ਤੱਕ ਦੇ ਸੱਭ ਤੋਂ ਸੁਖਾਵੇਂ ਦੌਰ ਵਿੱਚ ਹਨ।
ਗਿਲਾਨੀ ਨੇ ਕਿਹਾ ਕਿ ਭਾਰਤ ਨਾਲ ਵਪਾਰ ਸਮਝੌਤਾ ਪਾਕਿਸਤਾਨ ਲਈ ਬਹੁਤ ਅਹਿਮ ਹੈ। ਇਸ ਨਾਲ ਸਾਡੀ ਅਰਥਵਿਵਸਥਾ ਮਜਬੂਤ ਹੋਵੇਗੀ। ਭਾਰਤ ਤੋਂ ਗੈਸ ਅਤੇ ਬਿਜਲੀ ਪ੍ਰਾਪਤ ਕਰਨ ਲਈ ਵੀ ਪ੍ਰਕਿਰਿਆ ਜਾਰੀ ਹੈ। ਈਰਾਨ ਅਤੇ ਕਤਰ ਤੋਂ ਗੈਸ ਆਯਾਤ ਕਰਨ ਸਬੰਧੀ ਵੀ ਗੱਲਬਾਤ ਚੱਲ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਵਿੱਚ ਸੈਨਾ ਦੇ ਸ਼ਾਸਨ ਦਾ ਦੌਰ ਹੁਣ ਖ਼ਤਮ ਹੋ ਚੁੱਕਿਆ ਹੈ। ਚੀਫ਼ ਜਸਟਿਸ ਦੇ ਪੁੱਤਰ ਦੇ ਨਾਲ ਰਹਿਮਾਨ ਮਲਿਕ ਦੇ ਸਬੰਧਾਂ ਬਾਰੇ ਗਿਲਾਨੀ ਨੇ ਕਿਹਾ ਕਿ ਇਸ ਵਿੱਚ ਹੈਰਾਨ ਹੋਣ ਵਾਲੀ ਕੋਈ ਗੱਲ ਨਹੀਂ ਹੈ। ਉਸ ਦੇ ਸਾਰੇ ਦਲਾਂ ਦੇ ਨੇਤਾਵਾਂ ਨਾਲ ਸਬੰਧ ਹਨ।