ਨਵੀਂ ਦਿੱਲੀ- ਅੰਤਰਰਾਸ਼ਟਰੀ ਕਰੈਡਿਟ ਰੇਟਿੰਗ ਏਜੰਸੀ ਸਟੈਂਡਰਡ ਐਂਡ ਪੂਅਰਸ ਨੇ ਭਾਰਤ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਭਾਰਤ ਆਰਥਿਕ ਸੁਧਾਰ ਨਹੀਂ ਕਰਦਾ ਅਤੇ ਆਪਣੀ ਆਰਥਿਕ ਵਿਕਾਸ ਦਰ ਨੂੰ ਨਹੀਂ ਵਧਾਉਂਦਾ ਤਾਂ ਪੂੰਜੀ ਨਿਵੇਸ਼ ਵਿੱਚ ਆਪਣੀ ਇਨਵੈਸਟਮੈਂਟ ਗਰੇਡ ਰੇਟਿੰਗ ਗਵਾ ਸਕਦਾ ਹੈ।
ਸਟੈਂਡਰਡ ਐਂਡ ਪੂਅਰਸ ਨੇ ‘ ਵਿਲ ਇੰਡੀਆ ਬੀ ਦਾ ਫਸਟ ਬਰਿਕ ਫਾਲਨ ਏਂਜਲ!’ ਇੱਕ ਰਿਪੋਰਟ ਜਾਰੀ ਕੀਤੀ ਹੈ। ਇਸ ਦਾ ਮਤਲੱਬ ਹੈ ਕਿ ਕੀ ਭਾਰਤ ਬਰਿਕ ਦੇਸ਼ਾਂ ਵਿੱਚ ਉਮੀਦ ਤੋਂ ਹੇਠਾਂ ਡਿੱਗਣ ਵਾਲੀ ਪਹਿਲੀ ਅਰਥਵਿਵਸਥਾ ਹੋਵੇਗੀ!’ ਅਪਰੈਲ ਵਿੱਚ ਵੀ ਇਸ ਏਜੰਸੀ ਨੇ ਭਾਰਤ ਦੀ ਕਰੈਡਿਟ ਰੇਟਿੰਗ ਨੂੰ ਘਟਾ ਕੇ ਨੈਗੇਟਿਵ (ਬੀਬੀਬੀ ਮਾਈਨਸ )ਕਰ ਦਿੱਤਾ ਸੀ। 2007 ਵਿੱਚ ਕਰੈਡਿਟ ਰੇਟਿੰਗ ਵੱਧੀ ਸੀ ਜਿਸ ਕਰਕੇ ਭਾਰਤ ਵਿੱਚ ਵਿਦੇਸ਼ੀ ਪੂੰਜੀ ਨਿਵੇਸ਼ ਕਾਫ਼ੀ ਵਾਧਾ ਹੋਇਆ ਸੀ।
ਭਾਰਤ ਸਰਕਾਰ ਦੇ ਵਿੱਤ ਸਕੱਤਰ ਆਰ ਐਸ ਗੁਜਰਾਲ ਨੇ ਇਸ ਚਿਤਾਵਨੀ ਦਾ ਜਵਾਬ ਦਿੰਦੇ ਹੋਏ ਕਿਹਾ, “ ਵਿੱਤੀ ਘਾਟੇ ਅਤੇ ਚਾਲੂ ਖਾਤੇ ਨਾਲ ਸਬੰਧਿਤ ਘਾਟੇ ਨੂੰ ਕੰਟਰੋਲ ਕਰਨ ਬਾਰੇ ਵਿੱਤ ਮੰਤਰਾਲਾ ਕਈ ਕਦਮ ਉਠਾ ਰਿਹਾ ਹੈ।”
ਵਿੱਤ ਮੰਤਰੀ ਪ੍ਰਣਬ ਮੁਕਰਜੀ ਨੇ ਵੀ ਕਿਹਾ, “ ਅਸੀਂ ਸਾਰੇ ਜਰੂਰੀ ਕਦਮ ਉਠਾ ਰਹੇ ਹਾਂ ਤਾਂ ਕਿ ਅਰਥਵਿਵਸਥਾ ਉਦੇਸ਼ ਦੇ ਮੁਤਾਬਿਕ ਨਿਰਧਾਰਿਤ ਜੀਡੀਪੀ ਵਿਕਾਸ ਦਰ ਤੱਕ ਪਹੁੰਚੇ।ਇਸ ਵਿੱਚ ਸਮਾਂ ਲਗੇਗਾ ਪਰ ਇਸ ਸਾਲ ਵਿੱਚ ਸਾਨੂੰ ਉਮੀਦ ਹੈ ਕਿ ਅਸੀਂ ਇਸ ਤਰਫ਼ ਅੱਗੇ ਵਧਾਂਗੇ।”