ਘੁਲਿਆ ਕੇਸਰ ਕੇਸਰੀ,
ਹੂਆ ਰੱਤੜਾ ਲਾਲੋ ਲਾਲ ||
ਪਿਰਹੁ ਪ੍ਰੀਤ ਅਗੰਮੜੀ,
ਵਿਸਮਾਦੁ ਹਮਾਰਾ ਹਾਲ ||੧||
ਜੀਵਤ ਹਮ ਮੂਏ ਭਏ,
ਮੋਇ ਹੂਏ ਸਦ ਜੀਵਾਲ ||
ਰੁੱਤ ਆਨ ਐਸੀ ਚੜਹੀ,
ਮਿਟ ਗਈ ਕੂੜ੍ਹ ਕੀ ਪਾਲ ||੨||
ਮਿਟੇ ਸਗਲ ਅੰਦੇਸੜੇ,
ਰਾਗ ਦਵੇਸ ਦੀਏ ਜਾਲ ||
ਸਭਨਿ ਸੰਗ ਬਣ ਰਹੀ,
ਆਇ ਪੂਰਨ ਭਈ ਘਾਲ ||੩||
ਮੇਰੀ ਛੁਟ ਗਈ ਭਟਕਣਾ,
ਤਪ ਸੰਜਮ ਛਾਡੀ ਮਾਲ ||
ਬੋਲਣ ਹਮਰਾ ਮਿਟਿਆ,
ਵਹਿ ਗਏ ਬੇਦ ਸਵਾਲ ||੪||
ਕਾਗ ਬੱਗਿਆਂ ਤਜਿ ਸਭ,
ਹਮ ਚਲੇ ਪਿਹੁ ਕੀ ਚਾਲ ||
ਨ੍ਰਿਤ ਬੇਤਾਲਾ ਤਿਆਗ ਕੈ,
ਥਿਰਕਣ ਲਾਗਹਿ ਤਾਲ ||੫||
ਵਾਹ ਮਟਕੀ ਟੁੱਟ ਗਈ,
ਲਥਿਆ ਭਰਨਿ ਜੰਜਾਲ ||
ਕਸਤੂਰੀ ਭਈ ਪ੍ਰਾਪਤੇ,
ਤ੍ਰਿਪਤਾਈ ਚਿਰਹੀ ਭਾਲ ||੬||
ਰੋਮ ਰੋਮ ਮਜੀਠ ਰੱਤਾ,
ਗੁਲਿਆਈ ਸਗਰੀ ਡਾਲ ||
ਕੇਸਰ ਪਾ ਸਭ ਸੌਂਪਿਆ,
ਕੰਵਲ ਸ਼ਹੁ ਰੰਗੀ ਲਾਲ ||੭||