ਜਲੰਧਰ- ਜ਼ਰਦਾਰੀ ਦੇ ਖ਼ਜ਼ਾਨੇ ਚੋਂ ਤਾਲਿਬਾਨ ਨੂੰ 30 ਕਰੋੜ ਡਾਲਰ ਪਾਕਿਸਤਾਨੀ ਦਿੱਤੇ ਜਾਣ ਦੀ ਖ਼ਬਰ ਪਾਕਿਸਤਾਨੀ ਮੀਡੀਆ ਵਿਚ ਛਪੀ ਹੈ। ਮੀਡੀਆ ਮੁਤਾਬਕ ਤਾਲਿਬਾਨ ਨੂੰ ਆਈਐਸਆਈ ਦੀ ਹਿਮਾਇਤ ਹਾਸਲ ਹੈ। ਅਮਰੀਕਾ ਤੋਂ ਅਤਿਵਾਦ ਦੇ ਖਿਲਾਫ਼ ਲੜਣ ਦੇ ਨਾਮ ‘ਤੇ ਲਿਆ ਗਿਆ ਪੈਸਾ ਤਾਲਿਬਾਨ ਨੂੰ ਤੋਹਫ਼ੇ ਵਜੋਂ ਦਿੱਤਾ ਜਾ ਰਿਹਾ ਹੈ। ਮੀਡੀਆ ਨੇ ਇਸ ਸਬੰਧੀ ਹੈਰਾਨਕੁੰਨ ਖੁਲਾਸਾ ਕਰਦੇ ਹੋਏ ਲਿਖਿਆ ਹੈ ਕਿ ਸਵਾਤ ਘਾਟੀ ਵਿਚ ਸਮਝੌਤੇ ਲਈ ਜ਼ਰਦਾਰੀ ਦੇ ਖ਼ਜ਼ਾਨੇ ਚੋਂ 30 ਕਰੋੜ ਡਾਲਰ ਪਾਕਿਸਤਾਨੀ ਤਾਲਿਬਾਨ ਕਮਾਂਡਰ ਨੂੰ ਦਿੱਤੇ ਗਏ। ਹਾਲਤ ਇਹ ਹੈ ਕਿ ਕਰਾਚੀ ਤੋਂ ਬਾਅਦ ਹੁਣ ਤਾਲਿਬਾਨ ਦੀ ਨਜ਼ਰ ਲਾਹੌਰ ‘ਤੇ ਹੈ। ਭਾਰਤੀ ਖੁਫ਼ੀਆ ਏਜੰਸੀਆਂ ਦੀ ਰਿਪੋਰਟ ਵਿਚ ਇਸਦਾ ਖਦਸ਼ਾ ਪ੍ਰਗਟਾਇਆ ਗਿਆ ਹੈ।
ਮੀਡੀਆ ਅਨੁਸਾਰ ਪਾਕਿਸਤਾਨੀ ਏਜੰਸੀ ਆਈਐਸਆਈ ਤਾਲਿਬਾਨ ਦਾ ਹਊਆ ਖੜਾ ਕਰਕੇ ਅਮਰੀਕਾ ‘ਤੇ ਦਬਾਅ ਵਧਾਉਣਾ ਚਾਹੁੰਦੀ ਹੈ। ਉਹ ਇਸ ਦੇ ਡਰਾਵੇ ਹੇਠ ਅਫ਼ਗਾਨਿਸਤਾਨ ਦੇ ਨਾਲ ਲਗਦੀ ਸਰਹੱਦ ਤੋਂ ਪਾਕਿਸਤਾਨੀ ਫੌਜਾਂ ਨੂੰ ਹਟਾਉਣਾ ਚਾਹੁੰਦੀ ਹੈ। ਆਈਐਸਆਈ ਦੀ ਅਜਿਹੀ ਕੋਸਿ਼ਸ਼ ਹੈ ਕਿ ਤਾਲਿਬਾਨ ਦਾ ਖਤਰਾ ਵਿਖਾਕੇ ਅਮਰੀਕਾ ਤੋਂ ਅਤਿਵਾਦ ਦੇ ਨਾਮ ‘ਤੇ ਹੋਰ ਡਾਲਰ ਲਏ ਜਾਣ ਅਤੇ ਇਸਦੀ ਵਰਤੋਂ ਭਾਰਤ ਦੇ ਖਿਲਾਫ਼ ਕੀਤੀ ਜਾਵੇ। ਇਵੇਂ ਭਾਰਤ ਨੂੰ ਤਾਲਿਬਾਨ ਦਾ ਡਰ ਵਿਖਾਕੇ ਦਬਾਅ ਬਣਾਇਆ ਜਾਵੇ। ਪਰੰਤੂ ਭਾਰਤੀ ਖੁਫ਼ੀਆ ਅਧਿਕਾਰੀਆਂ ਨੂੰ ਲਗਦਾ ਹੈ ਕਿ ਆਈਐਸਆਈ ਨੂੰ ਇਹ ਰਣਨੀਤੀ ਪੁੱਠੀ ਪੈ ਸਕਦੀ ਹੈ। ਅਫ਼ਗਾਨਿਸਤਾਨ ਸਰਹੱਦ ਤੋਂ ਫੌਜਾਂ ਹਟਾਉਣ ਤੋਂ ਬਾਅਦ ਅਮਰੀਕਾ ਵਲੋਂ ਪਾਕਿਸਤਾਨੀ ਕਬਾਇਲੀ ਇਲਾਕਿਆਂ ਉਪਰ ਹਮਲੇ ਹੋਰ ਤੇਜ਼ ਕੀਤੇ ਜਾ ਸਕਦੇ ਹਨ।
ਤਾਲਿਬਾਨ ਨੂੰ ਜ਼ਰਦਾਰੀ ਦੇ ਖ਼ਜ਼ਾਨੇ ਤੋਂ 30 ਕਰੋੜ ਡਾਲਰ
This entry was posted in ਪੰਜਾਬ.