ਕਰਾਚੀ- ਗਜ਼ਲਾਂ ਦੇ ਬਾਦਸ਼ਾਹ ਮੇਹਦੀ ਹਸਨ ਨੇ ਬੁੱਧਵਾਰ ਦੁਪਹਿਰ ਨੂੰ ਕਰਾਚੀ ਦੇ ਇੱਕ ਹਸਪਤਾਲ ਵਿੱਚ ਆਪਣੀ ਅੰਤਿਮ ਜੀਵਨ ਯਾਤਰਾ ਪੂਰੀ ਕੀਤੀ। ਉਹ ਪਿੱਛਲੇ 2 ਸਾਲ ਤੋਂ ਬਿਮਾਰੀ ਨਾਲ ਜੂਝ ਰਹੇ ਸਨ। 84 ਸਾਲ ਦੇ ਮੇਹਦੀ ਹਸਨ ਦੀ ਸਿਹਤ ਪਿੱਛਲੇ ਦੋ ਦਿਨਾਂ ਤੋਂ ਜਿਆਦਾ ਹੀ ਖਰਾਬ ਚੱਲ ਰਹੀ ਸੀ।
ਮੇਹਦੀ ਹਸਨ ਫੇਫੜਿਆਂ ਵਿੱਚ ਇਨਫੈਕਸ਼ਨ ਕਰਕੇ 30 ਮਈ ਨੂੰ ਕਰਾਚੀ ਦੇ ਆਗਾਖਾਨ ਹਸਪਤਾਲ ਦੇ ਆਈਸੀਯੂ ਵਿੱਚ ਭਰਤੀ ਸਨ। ਉਨ੍ਹਾਂ ਨੇ ਬੁੱਧਵਾਰ ਦੁਪਹਿਰ ਨੂੰ 12 ਵਜ ਕੇ 22ਮਿੰਟ ਤੇ ਅੰਤਿਮ ਸਵਾਸ ਲਏ।ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਤੇ ਇਨਫੈਕਸ਼ਨ ਹੋ ਗਿਆ ਸੀ ਅਤੇ ਹੌਲੀ-ਹੌਲੀ ਅੰਗ ਕੰਮ ਕਰਨਾ ਬੰਦ ਕਰੀ ਜਾ ਰਹੇ ਸਨ। ਉਨ੍ਹਾਂ ਨੂੰ ਭਾਰਤ ਲਿਆਉਣ ਲਈ ਵੀ ਯਤਨ ਕੀਤੇ ਜਾ ਰਹੇ ਸਨ।
ਹਸਨ ਦੀਆਂ ਗਜ਼ਲਾਂ ਦੇ ਮੁਰੀਦ ਪਾਕਿਸਤਾਨ ਅਤੇ ਭਾਰਤ ਦੋਵਾਂ ਦੇਸ਼ਾਂ ਵਿੱਚ ਹੀ ਹਨ।ਉਨ੍ਹਾਂ ਦਾ ਜਨਮ ਵੀ ਰਾਜਸਥਾਨ ਦੇ ਝੁੰਝੁਨੂੰ ਜਿਲ੍ਹੇ ਦੇ ਲੂਣਾ ਪਿੰਡ ਵਿੱਚ 18 ਜੁਲਾਈ 1927 ਨੂੰ ਹੋਇਆ ਸੀ। ਉਨ੍ਹਾਂ ਨੂੰ ਸੰਗੀਤ ਵਿਰਾਸਤ ਵਿੱਚ ਮਿਲਿਆ ਸੀ। ਉਨ੍ਹਾਂ ਦੇ ਪਰੀਵਾਰ ਦੀਆਂ 15 ਪੀੜੀਆਂ ਸੰਗੀਤ ਨਾਲ ਜੁੜੀਆਂ ਹੋਈਆਂ ਸਨ। ਸੰਗੀਤ ਦੀ ਮੁੱਢ਼ੀ ਸਿੱਖਿਆ ਉਨ੍ਹਾਂ ਨੇ ਆਪਣੇ ਪਿਤਾ ਉਸਤਾਦ ਅਜੀਮ ਖਾਨ ਅਤੇ ਚਾਚਾ ਉਸਤਾਦ ਇਸਮਾਇਲ ਖਾਨ ਤੋਂ ਪ੍ਰਾਪਤ ਕੀਤੀ। ਵੰਡ ਵੇਲੇ ਉਨ੍ਹਾਂ ਦਾ ਪਰੀਵਾਰ ਪਾਕਿਸਤਾਨ ਚਲਿਆ ਗਿਆ। ਉਥੇ ਕੁਝ ਸਮਾਂ ਉਨ੍ਹਾਂ ਨੇ ਮਕੈਨਿਕ ਦੇ ਤੌਰ ਤੇ ਵੀ ਕੰਮ ਕੀਤਾ। ਭਾਰਤ ਅਤੇ ਪਾਕਿਸਤਾਨ ਦੋਵਾਂ ਦੇਸ਼ਾਂ ਵਿੱਚ ਇਸ ਆਵਾਜ਼ ਦੇ ਚੱਲੇ ਜਾਣ ਨਾਲ ਸੋਗ ਦੀ ਲਹਿਰ ਹੈ।