ਅੰਮ੍ਰਿਤਸਰ:- ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਕਿਲ੍ਹਾ ਲੋਹਗੜ ਸਾਹਿਬ ਵਿਖੇ ਲੜੀ ਗਈ ਪਹਿਲੀ ਜੰਗ ਦੌਰਾਨ ਕੀਤੀ ਫ਼ਤਹਿ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ੍ਰੀ ਦਰਬਾਰ ਸਾਹਿਬ ਵੱਲੋਂ ਸਭਾ-ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਵਿਸ਼ੇਸ਼ ਨਗਰ ਕੀਰਤਨ ਅਤੇ ਗੁਰਮਤਿ ਸਮਾਗਮ 15 ਤੇ 17 ਜੂਨ ਨੂੰ ਕਰਵਾਇਆ ਜਾਵੇਗਾ।
15 ਜੂਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ‘ਚ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਤੋਂ ਸਵੇਰੇ 8:00 ਵਜੇ ਵਿਸ਼ਾਲ ਨਗਰ ਕੀਰਤਨ ਆਯੋਜਿਤ ਕੀਤਾ ਜਾਵੇਗਾ। ਇਹ ਨਗਰ ਕੀਰਤਨ ਗੁਰਦੁਆਰਾ ਰਾਮਸਰ ਰੋਡ, ਬਾਬਾ ਦੀਪ ਸਿੰਘ ਕਾਲੋਨੀ, ਚੌਂਕ ਮੋਨੀ, ਚੌਂਕ ਕਰੋੜੀ, ਚੌਂਕ ਮੰਨਾ ਸਿੰਘ, ਚੌਂਕ ਪ੍ਰਾਗਦਾਸ, ਬਾਜ਼ਾਰ ਸਰਾਂ ਸ੍ਰੀ ਗੁਰੂ ਰਾਮਦਾਸ ਜੀ, ਬ੍ਰਹਮ ਬੂਟਾ ਮਾਰਕੀਟ, ਸਟੀ ਬਾਜ਼ਾਰ, ਬਾਜ਼ਾਰ ਜਲ੍ਹਿਆਂ ਵਾਲਾ ਬਾਗ, ਚੌਂਕ ਫੁਹਾਰਾ, ਗੁਰਦੁਆਰਾ ਸਾਰਾਗੜ੍ਹੀ, ਗੁਰਦੁਆਰਾ ਟਾਹਲੀ ਸਾਹਿਬ (ਸੰਤੋਖਸਰ), ਕਟੜਾ ਜੈਮਲ ਸਿੰਘ, ਕਟੜਾ ਘਨੱਈਆ ਚੌਂਕ, ਚੌਂਕ ਟੈਲੀਫ਼ੋਨ ਐਕਸਚੇਂਜ, ਕਟੜਾ ਸ਼ੇਰ ਸਿੰਘ, ਡੀ.ਏ.ਵੀ. ਕਾਲਜ ਰੋਡ, ਅੰਦਰੂਨ ਹਾਥੀ ਗੇਟ, ਕਟੜਾ ਮੋਤੀ ਰਾਮ ਤੇ ਲੋਹਗੜ੍ਹ ਗੇਟ ਤੋਂ ਹੁੰਦਾ ਹੋਇਆ ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ ਸੰਪੰਨ ਹੋਵੇਗਾ।
ਗੁਰਦੁਆਰਾ ਕਿਲ੍ਹਾ ਸ੍ਰੀ ਲੋਹਗੜ੍ਹ ਸਾਹਿਬ ਵਿਖੇ 17 ਜੂਨ ਸਵੇਰੇ 5 ਵਜੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਆਸਾ ਦੀ ਵਾਰ ਜੀ ਦਾ ਕੀਰਤਨ 7:00 ਵਜੇ ਤੱਕ ਕਰਨਗੇ ਭਾਈ ਜਸਬੀਰ ਸਿੰਘ ਪੰਜਾਬ ਐਂਡ ਸਿੰਧ ਬੈਂਕ ਵਾਲੇ ਸ਼ਬਦ ਕੀਰਤਨ, ਨਾਮ ਸਿਮਰਨ, ਸਤਿਸੰਗ ਕੀਰਤਨ ਦੁਆਰਾ ਸੰਗਤਾਂ ਨੂੰ 7:00 ਵਜੇ ਤੋਂ 8:30 ਵਜੇ ਤੱਕ ਨਿਹਾਲ ਕਰਨਗੇ। 8:30 ਤੋਂ 9:30 ਵਜੇ ਤੱਕ ਸਿੰਘ ਸਾਹਿਬ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੁਖਵਾਕ ਦੀ ਕਥਾ ਕਰਨਗੇ। ਦੁਪਹਿਰ 2:00 ਵਜੇ ਅੰਮ੍ਰਿਤਸਰ ਸ਼ਹਿਰ ਦੀਆਂ ਸਮੂਹ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਮਿਲ ਕੇ ਕਰਨਗੀਆਂ। ਮਹਾਨ ਗੁਰਮਤਿ ਸਮਾਗਮ ਸ਼ਾਮ 5 ਵਜੇ ਤੋਂ ਦੇਰ ਰਾਤ ਤੀਕ ਹੋਵੇਗਾ ਜਿਸ ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਦਵਿੰਦਰ ਸਿੰਘ, ਗਿਆਨੀ ਸ਼ੇਰ ਸਿੰਘ ਅੰਬਾਲੇ ਵਾਲੇ, ਭਾਈ ਜੋਗਿੰਦਰ ਸਿੰਘ ਰਿਆੜ, ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ, ਭਾਈ ਗੁਰਇਕਬਾਲ ਸਿੰਘ ਗੁ:ਮਾਤਾ ਕੌਲਾਂ ਜੀ, ਬੀਬੀ ਨਵਨੀਤ ਕੌਰ ਚੰਡੀਗੜ੍ਹ ਵਾਲੇ, ਭਾਈ ਕੁਲਜੀਤ ਸਿੰਘ ਨੈਰੋਬੀ ਵਾਲੇ, ਭਾਈ ਗੁਰਵਿੰਦਰ ਸਿੰਘ ਅਖੰਡ ਕੀਰਤਨੀ ਜਥਾ, ਭਾਈ ਸੁਰਿੰਦਰ ਸਿੰਘ ਅੰਮ੍ਰਿਤਸਰ ਤੇ ਬੀਬੀ ਮਨਜੀਤ ਕੌਰ ਅੰਮ੍ਰਿਤਸਰ ਦੇ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ। ਇਸ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਸਵਿੰਦਰ ਸਿੰਘ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕਰਨਗੇ। ਸੰਗਤਾਂ ਨੂੰ ਬੇਨਤੀ ਹੈ ਕਿ ਫ਼ਤਹਿ ਦਿਵਸ ਨੂੰ ਸਮਰਪਿਤ ਹੋ ਰਹੇ ਸਮਾਗਮਾਂ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਗੁਰੂ-ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ।