ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਗਲੋਬਲ ਅਰਥਵਿਵਸਥਾ ਨੂੰ ਮਜਬੂਤ ਕਰਨ ਤੋਂ ਇਲਾਵਾ, ਖੇਤਰੀ ਅਤੇ ਅੰਤਰਰਾਸ਼ਟਰੀ ਮੁੱਦਿਆਂ ਸਮੇਤ ਵੱਧ ਰਹੇ ਯੌਰੋ ਸੰਕਟ ਸਬੰਧੀ ਗੱਲਬਾਤ ਕੀਤੀ। ਦੋਵਾਂ ਨੇਤਾਵਾਂ ਨੇ ਫੋਨ ਤੇ ਇਸ ਬਾਰੇ ਵਿਚਾਰ ਵਟਾਂਦਰਾ ਕੀਤਾ।
ਯੌਰੋ ਜੋਨ ਨਾਲ ਆਈ ਮੰਦੀ ਤੋਂ ਉਭਰਨ ਅਤੇ ਵਿਸ਼ਵ ਪੱਧਰ ਤੇ ਅਰਥਵਿਵਸਥਾ ਨੂੰ ਮਜ਼ਬੂਤ ਬਣਾਉਣ ਲਈ ਦੋਵੇਂ ਦੇਸ਼ ਮਿਲਜੁਲ ਕੇ ਕੰਮ ਕਰਨ ਲਈ ਸਹਿਮਤ ਹੋ ਗਏ ਹਨ। ਵਾਈਟ ਹਾਊਸ ਤੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਦੋਵੇਂ ਨੇਤਾ ਯੌਰੋਜੋਨ ਸੰਕਟ ਅਤੇ ਹੋਰ ਸਥਾਨਾਂ ਤੇ ਅਰਥਵਿਵਸਥਾ ਤੇ ਲਗਾਤਾਰ ਮੰਡਰਾ ਰਹੇ ਖਤਰਿਆਂ ਦੇ ਮੱਦੇਨਜ਼ਰ ਵਿਸ਼ਵ ਅਰਥ ਵਿਵਸਥਾ ਦੀ ਮਜ਼ਬੂਤੀ ਦੇ ਯਤਨਾਂ ਦੇ ਮਹੱਤਵ ਤੇ ਸਹਿਮੱਤ ਹੋ ਗਏ ਹਨ।
ਪ੍ਰਧਾਨਮੰਤਰੀ ਮਨਮੋਹਨ ਸਿੰਘ ਅਤੇ ਬਰਾਕ ਓਬਾਮਾ ਮੈਕਸੀਕੋ ਦੇ ਲਾਸ ਕਾਬੋਸ ਵਿੱਚ 18 ਜੂਨ ਨੂੰ ਸ਼ੁਰੂ ਹੋ ਰਹੇ ਦੋ ਦਿਵਸੀ ਜੀ-20 ਸੰਮੇਲਨ ਨੂੰ ਸਫ਼ਲ ਬਣਾਉਣ ਲਈ ਇੱਕਠੇ ਕੰਮ ਕਰਨ ਤੇ ਰਜ਼ਾਮੰਦ ਹੋ ਗਏ ਹਨ। ਇਸ ਮੀਟਿੰਗ ਵਿੱਚ ਯੌਰਪੀ ਸੰਕਟ ਤੋਂ ਇਲਾਵਾ ਚੀਨ ਅਤੇ ਭਾਰਤ ਦੀ ਡਿੱਗ ਰਹੀ ਅਰਥਵਿਵਸਥਾ ਦਾ ਮੁੱਦਾ ਛਾਏ ਰਹਿਣ ਦੀ ਵੀ ਸੰਭਾਵਨਾ ਹੈ। ਇਹ ਗੱਲਬਾਤ ਉਸ ਸਮੇਂ ਹੋਈ ਹੈ ਜਦੋਂ ਕਿ ਅਮਰੀਕੀ ਵਿਦੇਸ਼ ਮੰਤਰੀ ਹਿਲਰੀ ਕਲਿੰਟਨ ਅਤੇ ਭਾਰਤੀ ਵਿਦੇਸ਼ ਮੰਤਰੀ ਐਸ ਐਮ ਕ੍ਰਿਸ਼ਨਾ ਤੀਸਰੇ ਭਾਰਤ-ਅਮਰੀਕੀ ਕੂਟਨੀਤਕ ਸੰਮੇਲਨ ਵਿੱਚ ਭਾਗ ਲੈ ਰਹੇ ਹਨ।