ਇਸਲਾਮਾਬਾਦ- ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਹੁਕਮ ਦੀ ਉਲੰਘਣਾ ਦੇ ਦੋਸ਼ ਵਿੱਚ ਇੱਕ ਇਤਿਹਾਸਿਕ ਫੈਸਲਾ ਸੁਣਾਉਂਦੇ ਹੋਏ ਪ੍ਰਧਾਨਮੰਤਰੀ ਗਿਲਾਨੀ ਨੂੰ ਪ੍ਰਧਾਨਮੰਤਰੀ ਪਦ ਦੇ ਅਯੋਗ ਕਰਾਰ ਦਿੱਤਾ ਹੈ।ਸੁਪਰੀਮ ਕੋਰਟ ਨੇ ਕਿਹਾ ਹੈ ਕਿ ਗਿਲਾਨੀ 26 ਅਪਰੈਲ ਨੂੰ ਹੀ ਇਸ ਅਹੁਦੇ ਦੇ ਯੋਗ ਨਹੀਂ ਸਨ ਰਹੇ। ਅਦਾਲਤ ਨੇ ਇਹ ਵੀ ਕਿਹਾ ਕਿ ਇਸ ਸਮੇਂ ਦੇਸ਼ ਵਿੱਚ ਕੋਈ ਵੀ ਪ੍ਰਧਾਨਮੰਤਰੀ ਨਹੀਂ ਹੈ। ਗਿਲਾਨੀ 5 ਸਾਲ ਤੱਕ ਕੋਈ ਵੀ ਚੋਣ ਨਹੀਂ ਲੜ ਸਕਦੇ।
ਪ੍ਰਧਾਨਮੰਤਰੀ ਗਿਲਾਨੀ ਨੇ ਆਪਣਾ ਰੂਸ ਦਾ ਦੌਰਾ ਰੱਦ ਕਰ ਦਿੱਤਾ ਹੈ। ਗਿਲਾਨੀ ਅਦਾਲਤੀ ਹੁਕਮਾਂ ਦੀ ਉਲੰਘਣਾ ਦੇ ਮਾਮਲੇ ਵਿੱਚ 26 ਅਪਰੈਲ ਨੂੰ ਹੀ ਦੋਸ਼ੀ ਠਹਿਰਾ ਦਿੱਤੇ ਗਏ ਸਨ। ਉਨ੍ਹਾਂ ਨੇ ਇਸ ਫੈਸਲੇ ਦੇ ਖਿਲਾਫ਼ ਕੋਈ ਅਪੀਲ ਨਹੀਂ ਸੀ ਕੀਤੀ।ਸੁਪਰੀਮ ਕੋਰਟ ਨੇ ਕਿਹਾ ਕਿ ਗਿਲਾਨੀ 26 ਅਪਰੈਲ ਤੋਂ ਹੀ ਪ੍ਰਧਾਨਮੰਤਰੀ ਦੇ ਪਦ ਦੇ ਅਯੋਗ ਹਨ ਕਿਉਂਕਿ ਕੋਈ ਵੀ ਵਿਅਕਤੀ ਜਿਸ ਨੂੰ ਸਜ਼ਾ ਹੋਈ ਹੋਵੇ ਉਹ ਪ੍ਰਧਾਨਮੰਤਰੀ ਦੀ ਕੁਰਸੀ ਤੇ ਨਹੀਂ ਬੈਠ ਸਕਦਾ।ਅਦਾਲਤ ਵੱਲੋਂ ਰਾਸ਼ਟਰਪਤੀ ਜਰਦਾਰੀ ਨੂੰ ਨਵਾਂ ਪ੍ਰਧਾਨਮੰਤਰੀ ਨਿਯੁਕਤ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਪਾਕਿਸਤਾਨ ਪੀਪਲਜ਼ ਪਾਰਟੀ ਨੇ ਕੋਰਟ ਦਾ ਫੈਸਲਾ ਮਨਜੂਰ ਕਰਦੇ ਹੋਏ ਪਾਰਟੀ ਦੀ ਬੈਠਖ ਸੱਦ ਲਈ ਹੈ।ਪੀਪੀਪੀ ਨੇ ਆਪਣੇ ਸਾਰੇ ਸੰਸਦ ਮੈਂਬਰਾਂ ਨੂੰ ਇਸਲਾਮਾਬਾਦ ਤਲਬ ਕੀਤਾ ਹੈ। ਵਿਦੇਸ਼ਮੰਤਰੀ ਹਿਨਾ ਰਬਾਨੀ ਖਾਰ, ਕਪੜਾ ਮੰਤਰੀ ਮਖਦੂਮ ਸ਼ਹਾਬੂਦੀਨ ਅਤੇ ਚੌਧਰੀ ਅਹਿਮਦ ਮੁੱਖਤਾਰ ਪ੍ਰਧਾਨਮੰਤਰੀ ਦੀ ਦੌੜ ਵਿੱਚ ਸ਼ਾਮਿਲ ਹਨ। ਪਾਰਟੀ ਦੇ ਸੀਨੀਅਰ ਨੇਤਾਵਾਂ ਦੀ ਬੈਠਕ ਵਿੱਚ ਪ੍ਰਧਾਨਮੰਤਰੀ ਨਿਯੁਕਤ ਕਰਨ ਦਾ ਅਧਿਕਾਰ ਜਰਦਾਰੀ ਅਤੇ ਬਿਲਾਵੱਲ ਭੁੱਟੋ ਨੂੰ ਸੌਂਪ ਦਿੱਤਾ ਗਿਆ ਹੈ। ਪੀਪੀਪੀ ਵੱਲੋਂ ਦੱਸਿਆ ਗਿਆ ਹੈ ਕਿ ਬੁੱਧਵਾਰ ਨੂੰ ਪਾਰਟੀ ਸੰਸਦੀ ਦਲ ਦੀ ਬੈਠਕ ਤੋਂ ਬਾਅਦ ਨਵੇਂ ਪ੍ਰਧਾਨਮੰਤਰੀ ਦੇ ਨਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਫੈਸਲਾ ਸੁਣਾਂਉਦੇ ਸਮੇਂ ਭਾਰਤ ਦੀਆਂ ਅਦਾਲਤਾਂ ਦੇ 2 ਫੈਸਲਿਆਂ ਦਾ ਉਦਾਹਰਣ ਵੀ ਦਿੱਤਾ।ਇਸ ਵਿੱਚ ਪਹਿਲਾ ਜਗਜੀਤ ਸਿੰਘ ਬਨਾਮ ਹਰਿਆਣਾ ਰਾਜ (Air 2007 SC 590) ਅਤੇ ਦੂਸਰਾ ਰਜਿੰਦਰ ਸਿੰਘ ਰਾਣਾ ਬਨਾਮ ਸਵਾਮੀ ਪ੍ਰਸਾਦ ਮੌਰਿਯਾ (Air 2007 SC1305) ਦਾ ਸੀ।