ਚੰਡੀਗੜ੍ਹ – “ਬਰਤਾਨੀਆਂ ਦੇ ਸਕਾਟਲੈਂਡ ਦੀ ਪਾਰਲੀਮੈਟ ਵਿਚ “ਮੈਂਬਰ ਆਫ਼ ਦ ਸਕੋਟਿਸ ਪਾਰਲੀਮੈਟ” ਦੇ 25 ਦੇ ਕਰੀਬ ਸੰਸਦ ਮੈਂਬਰਾਂ ਵੱਲੋ ਹਿੰਦ ਵਿਚ ਸਿੱਖਾਂ ਨੂੰ ਜ਼ਬਰੀ ਅਣਮਨੁੱਖੀ ਤਰੀਕੇ ਫ਼ਾਂਸੀ ਦੇਣ ਦੇ ਹੋ ਰਹੇ ਅਮਲਾਂ ਵਿਰੁੱਧ ਜੋ ਜੋਰਦਾਰ ਆਵਾਜ਼ ਉਠਾਉਦੇ ਹੋਏ ਹਿੰਦ ਵਿਚ ਫ਼ਾਂਸੀ ਨੂੰ ਖ਼ਤਮ ਕਰਨ ਅਤੇ ਸਿੱਖਾਂ ਦੀ ਅਮਨ ਪਸੰਦ ਅਤੇ ਮਨੁੱਖਤਾ ਪੱਖੀ ਸੋਚ ਦੇ ਹੱਕ ਵਿਚ ਮਤਾ ਪਾਸ ਕੀਤਾ ਗਿਆ ਹੈ, ਇਸ ਨਾਲ ਮਕਾਰਤਾ ਨਾਲ ਭਰੀ ਪਈ ਹਿੰਦੂਤਵ ਹਕੂਮਤ ਦੇ ਕੰਨ ਅਤੇ ਅੱਖਾਂ ਖੁੱਲ੍ਹ ਜਾਣੀਆ ਚਾਹੀਦਾ ਹਨ ਕਿ ਦੂਸਰੇ ਮੁਲਕਾਂ ਦੇ ਪਾਰਲੀਮੈਟ ਮੈਂਬਰ ਅਤੇ ਉਥੋ ਦੀਆਂ ਹਕੂਮਤਾਂ ਸਿੱਖਾਂ ਉਤੇ ਹੋ ਰਹੇ ਜ਼ਬਰ-ਜੁਲਮ ਨੂੰ ਬਿਲਕੁਲ ਬਰਦਾਸਤ ਨਹੀ ਕਰਨਗੇ । ਕੇਵਲ ਬਰਤਾਨੀਆ ਹੀ ਨਹੀ ਬਲਕਿ ਅਮਰੀਕਾ,ਕੈਨੇਡਾ, ਜਰਮਨ, ਆਸਟ੍ਰੇਲੀਆ ਅਤੇ ਜਪਾਨ ਦੀਆਂ ਹਕੂਮਤਾਂ ਵੀ ਸਿੱਖਾਂ ਨੂੰ ਫ਼ਾਂਸੀ ਦੇਣ ਦੇ ਵਿਰੁੱਧ ਹਨ ਅਤੇ ਸਿੱਖ ਕੌਮ ਦੀ ਸੰਪੂਰਨ ਆਜ਼ਾਦੀ ਚਾਹੁੰਦੀਆ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਕਾਟਲੈਂਡ ਦੇ ਪਾਰਲੀਮੈਟ ਮੈਂਬਰਾ ਦਾ ਉਚੇਚੇ ਤੌਰਤੇ ਧੰਨਵਾਦ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਹ ਪਹਿਲੀ ਵਾਰੀ ਨਹੀ ਕਿ ਬਾਹਰਲੇ ਮੁਲਕਾਂ ਦੇ ਸਾਂਸਦਾ ਨੇ ਸਿੱਖ ਕੌਮ ਦੀ ਬਹਾਦਰੀ, ਸੰਜੀਦਗੀ ਅਤੇ ਇਮਾਨਦਾਰੀ ਦੀ ਗੱਲ ਕੀਤੀ ਹੋਵੇ । ਪਹਿਲਾ ਵੀ ਵੱਡੇ ਮੁਲਕਾਂ ਨੇ ਹਿੰਦ ਹਕੂਮਤ ਨੂੰ ਅਜਿਹੇ ਅਣਮਨੁੱਖੀ ਅਮਲ ਕਰਨ ਤੋ ਕਈ ਵਾਰ ਵਰਜਿਆ ਹੈ । ਪਰ ਦੁੱਖ ਅਤੇ ਅਫ਼ਸੋਸ ਹੈ ਕਿ ਹਿੰਦ ਉਤੇ ਹਕੂਮਤ ਕਰਨ ਵਾਲੀਆ ਜਮਾਤਾਂ ਕਾਂਗਰਸ,ਬੀਜੇਪੀ, ਆਦਿ ਨੇ ਕਦੀ ਵੀ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਨਾ ਤਾਂ ਸਮਝਿਆ ਅਤੇ ਨਾ ਹੀ ਸਿੱਖ ਕੌਮ ਦੇ ਕਾਤਿਲਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿੱਤੀਆ । ਜਿਸ ਨਾਲ ਹਿੰਦੂਤਵ ਹਕੂਮਤ ਦਾ ਪ੍ਰਸਾਸਨਿਕ ਚਹਿਰਾ ਕੌਮਾਂਤਰੀ ਪੱਧਰ ਤੇ ਦਾਗੋ-ਦਾਗੀ ਹੋਇਆ ਪਿਆ ਹੈ । ਸ. ਮਾਨ ਨੇ ਅਮਰੀਕਾ, ਕੈਨੇਡਾ, ਬਰਤਾਨੀਆ, ਆਸਟ੍ਰੇਲੀਆ, ਜਰਮਨ, ਜਪਾਨ ਅਤੇ ਹੋਰ ਜ਼ਮਹੂਰੀਅਤ ਪਸੰਦ ਮੁਲਕਾਂ ਦੀਆਂ ਹਕੂਮਤਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸਿੱਖ ਕੌਮ ਦੇ ਕਾਤਿਲਾਂ ਨੂੰ ਕੌਮਾਂਤਰੀ ਅਦਾਲਤਾਂ ਵਿਚ ਖੜ੍ਹਾ ਕਰਕੇ ਕੌਮਾਂਤਰੀ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਮੁਸਲਿਮ ਪਾਕਿਸਤਾਨ, ਕਾਊਮਨਿਸਟ ਚੀਨ ਅਤੇ ਹਿੰਦੂ ਹਿੰਦੂਸਤਾਨ ਤਿੰਨਾਂ ਮੁਲਕਾਂ ਦੀ ਤਿਕੋਣ ਦੇ ਵਿਚਕਾਰ ਸਿੱਖ ਕੌਮ ਤੇ ਅਧਾਰਿਤ “ਬੱਫ਼ਰ ਸਟੇਂਟ” ਕਾਇਮ ਕਰਨ ਲਈ ਅਮਲੀ ਕਦਮ ਉਠਾਉਣ । ਤਾ ਕਿ ਏਸੀਆ ਖਿੱਤੇ ਵਿਚ ਪੱਕੇ ਤੌਰਤੇ ਚਿਰ ਸਥਾਈ ਅਮਨ ਚੈਨ ਦੀ ਬੰਸ਼ਰੀ ਵੱਜ ਸਕੇ ਅਤੇ ਇਸ ਖਿਤੇ ਦੇ ਮੁਲਕਾਂ ਦੇ ਬਸਿੰਦੇ ਵੱਧ ਫੁੱਲ ਸਕਣ ।