ਨਵੀਂ ਦਿੱਲੀ- ਦੇਸ਼ ਦੇ ਸਾਬਕਾ ਸੁਰੱਖਿਆ ਸਲਾਹਕਾਰ ਅਤੇ ਵਾਜਪਾਈ ਦੇ ਸਾਥੀ ਬਰਜੇਸ਼ ਮਿਸ਼ਰਾ ਨੇ ਕਿਹਾ ਹੈ ਕਿ ਗੁਜਰਾਤ ਵਿੱਚ ਹੋਏ ਦੰਗਿਆਂ ਕਰਕੇ ਮੁੱਖਮੰਤਰੀ ਨਰੇਂਦਰ ਮੋਦੀ ਭਾਰਤ ਦੇ ਪ੍ਰਧਾਨਮੰਤਰੀ ਨਹੀਂ ਬਣ ਸਕਦੇ। ਬਿਹਾਰ ਦੇ ਮੁੱਖਮੰਤਰੀ ਨਤੀਸ਼ ਕੁਮਾਰ ਪਹਿਲਾਂ ਹੀ ਮੋਦੀ ਦੇ ਖਿਲਾਫ਼ ਬਿਆਨ ਦੇ ਚੁੱਕੇ ਹਨ।
ਬਰਜੇਸ਼ ਮਿਸ਼ਰਾ ਨੇ ਕਿਹਾ ਹੈ ਕਿ ਮੋਦੀ ਨੂੰ ਪ੍ਰਧਾਨਮੰਤਰੀ ਬਣਾਉਣਾ ਹੈ ਤਾਂ ਸੰਸਦ ਵਿੱਚ ਭਾਜਪਾ ਨੂੰ ਪੂਰੀ ਤਰ੍ਹਾਂ ਨਾਲ ਆਪਣੇ ਦਮ ਤੇ ਬਹੁਮੱਤ ਹਾਸਿਲ ਕਰਨਾ ਹੋਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਜਪਾ ਕਦੇ ਵੀ ਪੂਰਣ ਬਹੁਮੱਤ ਪ੍ਰਾਪਤ ਨਹੀਂ ਕਰ ਸਕਦੀ। ਇਹ ਅਸੰਭਵ ਹੈ। ਇਸ ਲਈ ਮੋਦੀ ਨੂੰ ਪ੍ਰਧਾਨਮੰਤਰੀ ਦੇ ਤੌਰ ਤੇ ਪੇਸ਼ ਨਹੀਂ ਕੀਤਾ ਜਾ ਸਕਦਾ। ਪਾਰਟੀ ਨੂੰ ਕਿਸੇ ਹੋਰ ਉਮੀਦਵਾਰ ਦੀ ਚੋਣ ਕਰਨੀ ਹੋਵੇਗੀ ਜੋ ਕਿ ਸਹੀ ਅਰਥਾਂ ਵਿੱਚ ਪ੍ਰਧਾਨਮੰਤਰੀ ਬਣਨ ਦੇ ਯੌਗ ਹੋਵੇ।
ਅਟੱਲ ਬਿਹਾਰੀ ਵਾਜਪਾਈ ਦੇ ਮੁੱਖ ਸਕੱਤਰ ਰਹਿ ਚੁੱਕੇ ਬਰਜੇਸ਼ ਮਿਸ਼ਰਾ ਨੇ ਕਿਹਾ ਹੈ, “ ਅਟੱਲ ਬਿਹਾਰੀ ਚਾਹੁੰਦੇ ਸਨ ਕਿ ਨਰੇਂਦਰ ਮੋਦੀ ਨੂੰ ਉਸ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਇਸ ਲਈ ਉਨ੍ਹਾਂ ਨੇ ਉਸ ਸਮੇਂ ‘ਰਾਜ ਧਰਮ ਅਪਨਾਉਣ ਦੀ ਗੱਲ ਕੀਤੀ ਸੀ।” ਉਨ੍ਹਾਂ ਨੇ ਕਿਹਾ ਕਿ ਮੋਦੀ ਦੀ ਤੁਲਣਾ ਸਾਬਕਾ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਾਈ ਨਾਲ ਨਹੀਂ ਕੀਤੀ ਜਾ ਸਕਦੀ।ਰਾਸ਼ਟਰੀ ਸੰਘ ਮੋਦੀ ਨੂੰ ਐਨਡੀਏ ਵੱਲੋਂ ਅਗਲਾ ਪ੍ਰਧਾਨਮੰਤਰੀ ਬਣਾਉਣ ਦੇ ਪੱਖ ਵਿੱਚ ਹੈ। ਨਤੀਸ਼ ਪਹਿਲਾਂ ਹੀ ਇਸ ਦੀ ਵਿਰੋਧਤਾ ਕਰਦੇ ਹੋਏ ਐਨਡੀਏ ਤੋਂ ਵੱਖ ਹੋਣ ਦੀ ਧਮਕੀ ਦੇ ਚੁੱਕੇ ਹਨ।