ਚੰਡੀਗੜ੍ਹ – “ਕਿਸੇ ਵੀ ਸੰਗਠਨ ਜਮਾਤ ਜਾਂ ਜਥੇਬੰਦੀ ਵਿਚ ਬੈਠੇ ਕਿਸੇ ਵਿਅਕਤੀ ਨੂੰ ਵਿਰੋਧੀ ਭਾਵਨਾ ਨਾਲ ਵੇਖਣ ਦੀ ਬਜਾਇ, ਉਸ ਦੇ ਇਖ਼ਲਾਕ, ਅਮਲਾਂ ਨੂੰ ਮੁੱਖ ਰੱਖਕੇ ਹੀ ਆਪਣੇ ਮਨ ਵਿਚ ਪਹਿਚਾਣ ਬਣਾਉਣੀ ਚਾਹੀਦੀ ਹੈ, ਜਿਵੇ ਕਿ ਸ੍ਰੀ ਨਿਤੀਸ਼ ਕੁਮਾਰ ਮੁੱਖ ਮੰਤਰੀ ਬਿਹਾਰ ਅਤੇ ਪ੍ਰਧਾਨ ਜਨਤਾ ਦਲ (ਯੂ) ਕੌਮੀ ਜ਼ਮਹੂਰੀ ਗੱਠਜੋੜ ਵਿਚ ਬੈਠੇ ਹੋਏ ਵੀ ਆਪਣੀ ਇਖ਼ਲਾਕੀ ਅਤੇ ਸਾਫ-ਸੁਥਰੀ ਸੋਚ ਦੀ ਬਦੌਲਤ ਮੁਲਕ ਨਿਵਾਸੀਆ ਵਿਚ ਸਤਿਕਾਰੇ ਜਾਂਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ੍ਰੀ ਨਿਤੀਸ਼ ਕੁਮਾਰ ਵੱਲੋਂ ਮੁਸਲਿਮ ਕੌਮ ਦੇ ਕਾਤਿਲ ਸ੍ਰੀ ਨਰਿੰਦਰ ਮੋਦੀ, ਜਿਸ ਨੂੰ ਬੀਜੇਪੀ ਅਤੇ ਆਰ.ਐਸ.ਐਸ. ਵੱਲੋਂ ਬਤੌਰ ਅਗਲੇ ਆਉਣ ਵਾਲੇ ਵਜੀਰ-ਏ-ਆਜ਼ਮ ਉਭਾਰ ਰਹੇ ਹਨ ਦੇ ਵਿਰੁੱਧ ਲਏ ਗਏ ਮਨੁੱਖਤਾ ਪੱਖੀ ਸਟੈਂਡ ਦੀ ਭਰਪੂਰ ਪ੍ਰਸੰਸ਼ਾਂ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਬਿਹਾਰ ਸੂਬੇ ਦੀਆ ਚੋਣਾਂ ਸਮੇਂ ਸ੍ਰੀ ਨਿਤੀਸ਼ ਕੁਮਾਰ ਨੇ ਸ੍ਰੀ ਮੋਦੀ ਨੂੰ ਸੂਬੇ ਵਿਚ ਦਾਖਲ ਹੋਣ ਤੋ ਰੋਕ ਕੇ ਇਹ ਸਾਬਿਤ ਕਰ ਦਿੱਤਾ ਸੀ ਕਿ ਉਹ ਹਰ ਤਰ੍ਹਾਂ ਦੀ ਬੁਰਾਈ ਅਤੇ ਬੁਰਾਈ ਨੂੰ ਪੈਦਾ ਕਰਨ ਵਾਲੀ ਮਾਂ ਨੂੰ ਇਥੋ ਦੇ ਸਮਾਜ ਵਿਚ ਬਿਲਕੁਲ ਬਰਦਾਸਤ ਨਹੀ ਕਰਨਗੇ ਅਤੇ ਨਾ ਹੀ ਮਨੁੱਖਤਾ ਮਾਰੂ ਸੋਚ ਰੱਖਣ ਵਾਲੇ ਕਿਸੇ ਵਿਅਕਤੀ ਨਾਲ ਉਹ ਆਪਣਾ ਸੰਬੰਧ ਰੱਖਣਗੇ । ਭਾਵੇ ਕਿ ਅਜਿਹਾ ਕਰਦੇ ਹੋਏ ਉਹਨਾਂ ਨੂੰ ਕੌਮੀ ਜ਼ਮਹੂਰੀ ਗੱਠਜੋੜ ਦੇ ਆਪਣੇ ਸੰਬੰਧਾਂ ਨੂੰ ਫਿਰ ਤੋ ਮੁਲਾਕਣ ਕਿਉ ਨਾ ਕਰਨਾ ਪੈ ਜਾਵੇ । ਸ. ਮਾਨ ਨੇ ਕਿਹਾ ਕਿ ਗੁਜ਼ਰਾਤ ਵਿਖੇ ਮੁਸਲਿਮ ਕਤਲੇਆਮ ਉਪਰੰਤ ਸ੍ਰੀ ਨਰਿੰਦਰ ਮੋਦੀ ਨੂੰ ਐਨ.ਡੀ.ਏ. ਵਿਚੋ ਕੱਢ ਦੇਣ ਲਈ ਉੱਠੇ ਵਿਚਾਰਾ ਨੂੰ ਬੇਸ਼ੱਕ ਅਮਲੀ ਰੂਪ ਨਹੀ ਮਿਲਿਆ, ਲੇਕਿਨ ਸ੍ਰੀ ਨਿਤੀਸ਼ ਕੁਮਾਰ ਅਤੇ ਸ੍ਰੀ ਵਾਜਪਾਈ ਵਰਗੇ ਲੋਕਾਂ ਨੂੰ ਇਸ ਦੇ ਅਮਲ ਨਾ ਹੋਣ ‘ਤੇ ਜੋ ਨਮੋਸ਼ੀ ਆਈ, ਉਹ ਇਨਸਾਨੀਅਤ ਕਦਰਾਂ-ਕੀਮਤਾਂ ਮਜ਼ਬੂਤੀ ਦੇਣ ਵਾਲੀ ਸੀ ਅਤੇ ਜਿਨ੍ਹਾਂ ਤੋਂ ਇਹ ਸਪੱਸਟ ਸੰਕੇਤ ਮਿਲਦਾ ਹੈ ਕਿ ਸ੍ਰੀ ਨਿਤੀਸ਼ ਕੁਮਾਰ ਕਾਤਿਲਾਂ ਅਤੇ ਗੈਰ ਇਖ਼ਲਾਕੀ ਲੋਕਾਂ ਨੂੰ ਪ੍ਰਵਾਨ ਨਹੀ ਕਰ ਸਕਦੇ ।
ਸ. ਮਾਨ ਨੇ ਸ੍ਰੀ ਨਿਤੀਸ਼ ਕੁਮਾਰ ਮੁੱਖ ਮੰਤਰੀ ਬਿਹਾਰ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਜਦੋ ਉਹ ਸੰਸਕਾਰਿਕ ਤੌਰਤੇ ਉੱਚੇ-ਸੁੱਚੇ ਦ੍ਰਿੜਤਾ ਵਾਲੇ ਇਨਸਾਨੀਅਤ ਪੱਖੀਂ ਸੋਚ ਦੇ ਮਾਲਿਕ ਹਨ ਅਤੇ ਹਰ ਬੁਰਾਈ ਵਿਰੁੱਧ ਸਟੈਂਡ ਲੈਣ ਦਾ ਇਰਾਦਾਂ ਰੱਖਦੇ ਹਨ ਅਤੇ ਉਹਨਾਂ ਦੀ ਮੁਲਕ ਨਿਵਾਸੀਆਂ ਵਿਚ ਅੱਛੀ ਛੱਬੀ ਬਣੀ ਹੋਈ ਹੈ, ਤਾਂ ਫਿਰ ਉਹ ਐਨ.ਡੀ.ਏ. ਅਤੇ ਯੂਪੀਏ ਤੋ ਬਰਾਬਰ ਦੀ ਦੂਰੀ ਰੱਖਕੇ ਅੱਛੇ ਖਿਆਲਾਤਾਂ ਦੇ ਆਗੂਆਂ ਨਾਲ ਟੇਬਲ ਟਾਕ ਕਰਕੇ ਕੌਮੀਂ ਪੱਧਰ ਉਤੇ ਨਵੀ ਅਗਾਂਹ ਵਾਧੂ ਆਪਣੀ ਸਿਆਸੀ ਟੀਮ ਤਿਆਰ ਕਰਨ ਅਤੇ ਕਾਤਲਾਂ ਅਤੇ ਗੈਰ ਇਖ਼ਲਾਕੀ ਆਗੂਆਂ ਨੂੰ ਚੁਣੌਤੀ ਦੇਣ ਦੀ ਜਿੰਮੇਵਾਰੀ ਨਿਭਾਉਣ । ਉਹਨਾਂ ਕਿਹਾ ਕਿ ਅੱਜ ਹਿੰਦ ਨਿਵਾਸੀਆਂ ਨੂੰ ਉੱਚੇ-ਸੁੱਚੇ ਇਖ਼ਲਾਕ ਵਾਲੇ ਆਗੂਆਂ ਦੀ ਸਖ਼ਤ ਲੋੜ ਹੈ, ਜੋ ਮੁਲਕ ਵਿਚ ਸਥਾਂਈ ਤੌਰ ‘ਤੇ ਅਮਨ-ਚੈਨ, ਜ਼ਮਹੂਰੀਅਤ ਨੂੰ ਕਾਇਮ ਕਰ ਸਕਣ ਅਤੇ ਸਭ ਨੂੰ ਬਰਾਬਰਤਾ ਅਤੇ ਇਨਸਾਫ਼ ਦਾ ਪ੍ਰਬੰਧ ਮੁਹੱਈਆ ਕਰਵਾ ਸਕਣ । ਸ. ਪ੍ਰਕਾਸ ਸਿੰਘ ਬਾਦਲ ਨੂੰ ਵੀ ਚਾਹੀਦਾ ਹੈ ਕਿ ਉਹ ਸ੍ਰੀ ਨਿਤੀਸ਼ ਕੁਮਾਰ ਜੀ ਵੱਲੋਂ ਨਿਭਾਏ ਜਾ ਰਹੇ ਇਨਸਾਨੀਅਤ ਪੱਖੀਂ ਉਦਮਾਂ ਤੋ ਸੇਧ ਲੈਕੇ ਕੌਮ ਪੱਖੀ ਸਟੈਂਡ ਲੈਣ । ਤਾਂ ਜੋ ਪਟਨਾ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਮੁੱਚੇ ਸੰਬੰਧਾਂ ਨੂੰ ਹੋਰ ਵਧੇਰੇ ਮਜ਼ਬੂਤੀ ਮਿਲ ਸਕੇ ਅਤੇ ਦੋਵੇ ਸਟੇਟਾਂ ਦੇ ਬਸਿੰਦੇ ਵੀ ਇਸ ਇਖ਼ਲਾਕੀ ਅਮਲ ਉਤੇ ਪਹਿਰਾ ਦੇ ਸਕਣ ।