ਨਵੀਂ ਦਿੱਲੀ- ਡਾਲਰ ਦੇ ਲਗਾਤਾਰ ਮਜ਼ਬੂਤ ਹੋਣ ਨਾਲ ਅਤੇ ਰੁਪੈ ਵਿੱਚ ਰੀਕਾਰਡ ਤੋੜ ਗਿਰਾਵਟ ਆਉਣ ਨਾਲ ਦੇਸ਼ ਦੀ ਅਰਥਵਿਵਸਥਾ ਦੀ ਸਥਿਤੀ ਹੋਰ ਵੀ ਪਤਲੀ ਹੁੰਦੀ ਜਾ ਰਹੀ ਹੈ। ਪਿੱਛਲੇ ਕੁਝ ਸਮੇਂ ਤੋਂ ਡਾਲਰ ਦੀ ਚਮਕ ਵੱਧ ਰਹੀ ਹੈ ਅਤੇ ਰੁਪਿਆ ਬਹੁਤ ਬੁਰੀ ਤਰ੍ਹਾਂ ਨਾਲ ਥੱਲੇ ਡਿੱਗਦਾ ਜਾ ਰਿਹਾ ਹੈ। ਸ਼ੁਕਰਵਾਰ ਨੂੰ ਸਾਰੇ ਰਿਕਾਰਡ ਤੋੜਦੇ ਹੋਏ ਰੁਪਿਆ ਡਾਲਰ ਦੇ ਮੁਕਾਬਲੇ 57.26 ਦੇ ਲੈਵਲ ਤੇ ਪਹੁੰਚ ਗਿਆ ਹੈ।
ਅੰਤਰਰਾਸ਼ਟਰੀ ਰੇਟਿੰਗ ਏਜੰਸੀ ਮੂਡੀ ਨੇ ਵੀ 15 ਅਹਿਮ ਬੈਂਕਾਂ ਦੀ ਕਰਜ਼ਾ ਲੈਣ ਦੀ ਰੇਟਿੰਗ ਘਟਾ ਦਿੱਤੀ ਹੈ। ਜਿਸ ਦਾ ਅਸਰ ਸਿੱਧੇ ਤੌਰ ਤੇ ਡਾਲਰ ਤੇ ਵਿਖਾਈ ਦੇ ਰਿਹਾ ਹੈ। ਭਾਰਤ ਸਰਕਾਰ ਅਤੇ ਰੀਜ਼ਰਵ ਬੈਂਕ ਆਫ਼ ਇੰਡੀਆ ਦੇ ਸਾਰੇ ਯਤਨ ਫ਼ੇਲ ਹੋ ਰਹੇ ਹਨ। ਅਰਥਸ਼ਾਸਤਰੀਆਂ ਦਾ ਕਹਿਣਾ ਹੈ ਕਿ ਰੁਪਿਆ ਪ੍ਰਤੀ ਡਾਲਰ 60 ਰੁਪੈ ਤੱਕ ਪਹੁੰਚ ਸਕਦਾ ਹੈ। ਪਹਿਲਾਂ ਤੋਂ ਹੀ ਮਹਿੰਗਾਈ ਦੀ ਮਾਰ ਝੱਲ ਰਹੀ ਜਨਤਾ ਤੇ ਇਸ ਦਾ ਭਾਰ ਹੋਰ ਵੀ ਵਧੇਗਾ। ਜਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਡਾਲਰ ਮਜ਼ਬੂਤ ਹੋਣ ਨਾਲ ਆਯਾਤ ਵਿੱਚ ਭਾਰੀ ਕਮੀ ਆ ਸਕਦੀ ਹੈ। ਮੰਗ ਦੇ ਹਿਸਾਬ ਨਾਲ ਸਪਲਾਈ ਘੱਟ ਹੋਣ ਨਾਲ ਮਹਿੰਗਾਈ ਦਾ ਆਕਾਰ ਹੋਰ ਵੀ ਵੱਡਾ ਹੋ ਸਕਦਾ ਹੈ। ਪੈਟਰੌਲ ਅਤੇ ਡੀਜ਼ਲ ਦੇ ਮੁੱਲ ਵਿੱਚ ਹੋਰ ਵੀ ਵਾਧਾ ਹੋ ਸਕਦਾ ਹੈ। ਵਿਦੇਸ਼ੀਆਂ ਨੂੰ ਇਸਦਾ ਜਿਆਦਾ ਲਾਭ ਹੋਵੇਗਾ। ਵਿਦੇਸ਼ ਯਾਤਰਾ ਅਤੇ ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਤੇ ਖਰਚੇ ਵਿੱਚ ਵਾਧਾ ਹੋਵੇਗਾ। ਕਾਰਾਂ ਦੇ ਰੇਟ ਵੀ ਵੱਧ ਸਕਦੇ ਹਨ।
ਰੀਟੇਲ ਅਤੇ ਰੀਅਲਟੀ ਸੈਕਟਰ ਕਾਫੀ ਹੱਦ ਤੱਕ ਵਿਦੇਸ਼ੀ ਨਿਵੇਸ਼ ਤੇ ਨਿਰਭਰ ਹੈ। ਇਸ ਦੇ ਤਹਿਤ ਭਾਰਤੀ ਕੰਪਨੀਆਂ ਘੱਟ ਵਿਆਜ ਤੇ ਸਿੱਧੇ ਤੌਰ ਤੇ ਵਿਦੇਸ਼ੀ ਕੰਪਨੀਆਂ ਤੋਂ ਕਰਜ਼ਾ ਲੈ ਸਕਦੀਆਂ ਹਨ, ਪਰ ਰੁਪੈ ਵਿੱਚ ਗਿਰਾਵਟ ਆਉਣ ਨਾਲ ਹੁਣ ਵਿਦੇਸ਼ੀ ਕਰਜ਼ਾ ਮਹਿੰਗਾ ਹੋ ਜਾਵੇਗਾ। ਜਿਸ ਕਰਕੇ ਬਾਜ਼ਾਰ ਵਿੱਚ ਆਮ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਹੋ ਜਾਵੇਗਾ।