ਅੰਮ੍ਰਿਤਸਰ – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕੈਨੇਡਾ ਤੇ ਹੋਰਨਾਂ ਮੁਲਕਾਂ ਦੀ ਤਰਜ਼ ‘ਤੇ ਹਰੇਕ ਵਿਧਾਇਕ ਦਾ ਉਸ ਦੇ ਇਲਾਕੇ ਵਿਚ ਸਰਕਾਰੀ ਦਫ਼ਤਰਾਂ ਵਾਂਗ ਦਫ਼ਤਰ ਸਥਾਪਿਤ ਕਰਨ ਦੀ ਮੰਗ ਕੀਤੀ ਹੈ।ਗਵਰਨਰ ਸ੍ਰੀ ਸ਼ਿਵ ਰਾਜ ਪਾਟਿਲ, ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ,ਸਪੀਕਰ ਵਿਧਾਨ ਸਭਾ ਸ.ਚਰਨਜੀਤ ਸਿੰਘ ਅਟਵਾਲ, ਚੀਫ਼ ਜਸਟਿਸ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਹੋਰਨਾਂ ਨੂੰ ਲਿਖੇ ਪੱਤਰ ਵਿਚ ਮੰਚ ਆਗੂ ਨੇ ਕਿਹਾ ਹੈ ਕਿ ਕੈਨੇਡਾ ਅਤੇ ਹੋਰ ਮੁਲਕਾਂ ਵਿੱਚ ਸਰਕਾਰੀ ਦਫ਼ਤਰਾਂ ਵਾਂਗ , ਹਰੇਕ ਵਿਧਾਇਕ ਦਾ ਆਪਣੇ ਇਲਾਕੇ ਵਿੱਚ ਦਫ਼ਤਰ ਹੈ, ਜਿੱਥੇ ਕੋਈ ਨਾ ਕੋਈ ਕਰਮਚਾਰੀ ਦਿਨ ਸਮੇਂ ਬੈਠਦਾ ਹੈ। ਉਹ ਟੈਲੀਫੋਨ ਸੁਣਦਾ ਹੈ, ਅਰਜੀਆਂ ਪ੍ਰਾਪਤ ਕਰਦਾ ਹੈ, ਵਿਧਾਇਕ ਕਦੋਂ ਮਿਲੇਗਾ ?ਵਗੈਰਾ ਬਾਰੇ ਜਾਣਕਾਰੀ ਦਿੰਦਾ ਹੈ। ਉਹ ਈ-ਮੇਲ ਵੀ ਪ੍ਰਾਪਤ ਕਰਦਾ ਹੈ ਤੇ ਉਸਦਾ ਜੁਆਬ ਵੀ ਭੇਜਦਾ ਹੈ।ਵਿਧਾਇਕ ਲਈ ਬਕਾਇਦਾ ਉਸ ਦਫ਼ਤਰ ਵਿਚ ਲੋਕਾਂ ਨੂੰ ਮਿਲਣ ਦਾ ਸਮਾਂ ਨਿਰਧਾਰਿਤ ਹੈ, ਜਿਵੇਂ ਕਿ ਭਾਰਤ ਵਿਚ ਸਰਕਾਰੀ ਅਫ਼ਸਰਾਂ ਦਾ ਹੈ।ਵਿਧਾਇਕਾਂ ਲਈ ਪ੍ਰਾਪਤ ਦਰਖ਼ਾਸਤਾਂ ਦੇ ਜ਼ੁਆਬ ਦੇਣ ਲਈ ਸਮਾਂ ਨਿਸ਼ਚਿਤ ਹੈ, ਜਿਵੇਂ ਸਰਕਾਰੀ ਕਰਮਚਾਰੀਆਂ ਲਈ ਹੈ।ਕੈਨੇਡਾ ਵਿਚ ਇਹ ਵੱਧ ਤੋਂ ਵੱਧ 35 ਦਿਨ ਹੈ।
ਪਰ ਵੇਖਣ ਵਿੱਚ ਆਇਆ ਹੈ ਕਿ ਸਾਡੇ ਬਹੁਤੇ ਵਿਧਾਇਕ ਆਪਣੇ ਇਲਾਕੇ ਵਿੱਚ ਨਹੀਂ ਰਹਿੰਦੇ, ਖ਼ਾਸ ਕਰ ਪੇਂਡੂ ਖ਼ੇਤਰ ਦੇ । ਉਹ ਸ਼ਹਿਰਾਂ ਵਿੱਚ ਰਹਿੰਦੇ ਹਨ।ਇੱਥੋਂ ਤੀਕ ਕਿ ਕਈ ਤਾਂ ਚੰਡੀਗੜ੍ਹ ਜਾਂ ਮੁਹਾਲੀ ਰਹਿੰਦੇ ਹਨ। ਲੋਕਾਂ ਨੂੰ ਉਨ੍ਹਾਂ ਨੂੰ ਮਿਲਣਾ ਬਹੁਤ ਮੁਸ਼ਕਿਲ ਹੈ। ਇਲਾਕੇ ਵਿਚ ਦਫ਼ਤਰ ਸਥਾਪਿਤ ਹੋਣ ਨਾਲ ਲੋਕਾਂ ਨੂੰ ਖ਼ਜ਼ਲ ਖੁਆਰੀ ਤੋਂ ਨਿਜ਼ਾਤ ਮਿਲ ਸਕਦੀ ਹੈ।ਉਨ੍ਹਾਂ ਦੇ ਮਿਲਣ ਦਾ ਕੋਈ ਸਮਾਂ ਨਹੀਂ। ਉਨ੍ਹਾਂ ਮਿਲ ਕੇ ਜਿਹੜੀਆਂ ਦਰਖ਼ਾਸਤਾਂ ਦਿੱਤੀਆਂ ਜਾਂਦੀਆਂ ਹਨ ,ਉਸ ਬਾਰੇ ਉਹ ਕੋਈ ਜਾਣਕਾਰੀ ਨਹੀਂ ਦਿੰਦੇ ਕਿ ਉਸ ਦਾ ਕੀ ਬਣਿਆ ਹੈ । ਇਹੋ ਹਾਲ ਡਾਕ ਰਾਹੀਂ ਭੇਜੀਆਂ ਜਾਂਦੀਆਂ ਅਰਜੀਆਂ ਦਾ ਹੈ। ਉਸ ਦੀ ਨਾ ਤਾਂ ਉਹ ਕੋਈ ਪਹੁੰਚ ਰਸੀਦ ਭੇਜਦੇ ਹਨ ਤੇ ਨਾ ਹੀ ਉਸ ਦੇ ਬਾਰੇ ਕੋਈ ਜਾਣਕਾਰੀ ਦਿੰਦੇ ਹਨ ਕਿ ਉਨ੍ਹਾਂ ਨੇ ਉਸ ਪੱਤਰ ਦਾ ਕੀ ਕੀਤਾ ਹੈ। ਅੰਮ੍ਰਿਤਸਰ ਵਿਕਾਸ ਮੰਚ ਵਲੋਂ ਅਸੀਂ ਜਿਹੜੀਆਂ ਚਿੱਠੀਆਂ ਭੇਜਦੇ ਹਾਂ ,ਉਸ ਦਾ ਕਿਸੇ ਵਿਧਾਇਕ ਨੇ ਕਦੇ ਕੋਈ ਜ਼ੁਆਬ ਦੇਣ ਦੀ ਖ਼ੇਚਲ ਨਹੀਂ ਕੀਤੀ।