ਇਸਲਾਮਾਬਾਦ- ਪਾਕਿਸਤਾਨ ਵਿੱਚ ਪਿੱਛਲੇ 22 ਸਾਲਾਂ ਤੋਂ ਜਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਭਾਰਤੀ ਨਾਗਰਿਕ ਸਰਬਜੀਤ ਸਿੰਘ ਅਤੇ ਭਾਰਤ ਵਿੱ ਰਹਿਂਦੇ ਉਸ ਦੇ ਪਰੀਵਾਰ ਲਈ ਇਹ ਬਹੁਤ ਵੱਡੀ ਖੁਸ਼ੀ ਦੀ ਖ਼ਬਰ ਹੈ ਕਿ ਉਸ ਦੀ ਫਾਂਸੀ ਦੀ ਸਜ਼ਾ ਨੂੰ ਰਾਸ਼ਟਰਪਤੀ ਜਰਦਾਰੀ ਨੇ ਉਮਰ ਕੈਦ ਵਿੱਚ ਬਦਲ ਦਿੱਤਾ ਹੈ।ਰਾਸ਼ਟਰਪਤੀ ਨੇ ਇਹ ਆਦੇਸ਼ ਵੀ ਦਿੱਤਾ ਹੈ ਕਿ ਜੇ ਸਰਬਜੀਤ ਨੇ ਆਪਣੀ ਸਜ਼ਾ ਪੂਰੀ ਕਰ ਲਈ ਹੈ ਤਾਂ ਉਸ ਨੂੰ ਜਲਦੀ ਹੀ ਰਿਹਾ ਕੀਤਾ ਜਾਵੇ।
ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਦੇ ਇਸ ਆਦੇਸ਼ ਤੋਂ ਬਾਅਦ ਕਾਨੂੰਨ ਵਿਭਾਗ ਨੇ ਗ੍ਰਹਿ ਮੰਤਰਾਲੇ ਨੂੰ ਕਿਹਾ ਹੈ ਕਿ ਜੇ ਸਰਬਜੀਤ ਨੇ ਆਪਣੀ ਸਜ਼ਾ ਦੀ ਟਰਮ ਪੂਰੀ ਕਰ ਲਈ ਹੈ ਤਾਂ ਉਸ ਨੂੰ ਰਿਹਾ ਕਰਨ ਦੇ ਯੋਗ ਕਦਮ ਉਠਾਏ ਜਾਣ।ਲਾਹੌਰ ਦੀ ਕੋਟ ਲੱਖਪੱਤ ਜੇਲ੍ਹ ਵਿੱਚ ਬੰਦ ਸਰਬਜੀਤ ਸਿੰਘ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਹੋਣ ਨਾਲ ਉਸ ਦੀ ਰਿਹਾਈ ਜਲਦੀ ਹੋ ਸਕਦੀ ਹੈ। ਅਗਲੇ ਹਫ਼ਤੇ ਸਰਬਜੀਤ ਨੂੰ ਰਿਹਾ ਕੀਤਾ ਜਾ ਸਕਦਾ ਹੈ।
ਸਰਬਜੀਤ ਵੱਲੋਂ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੂੰ ਰਹਿਮ ਦੀ ਅਪੀਲ ਕੀਤੀ ਗਈ ਸੀ। ਇਸ ਤੋਂ ਪਹਿਲਾਂ ਵੀ ਚਾਰ ਵਾਰ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੀ ਗਈ ਸੀ। ਸਰਬਜੀਤ ਦੇ ਵਕੀਲ ਅਨੁਸਾਰ ਰਹਿਮ ਦੀ ਅਪੀਲ ਦੇ ਨਾਲ ਹੀ ਰਾਸ਼ਟਰਪਤੀ ਜਰਦਾਰੀ ਨੂੰ ਇਕ ਚਿੱਠੀ ਵੀ ਦਿੱਤੀ ਗਈ ਸੀ ਜਿਸ ਉਪਰ ਇੱਕ ਲੱਖ ਭਾਰਤੀ ਨਾਗਰਿਕਾਂ ਦੇ ਦਸਤਖਤ ਸਨ। 2008 ਵਿਚੱ ਸਰਬਜੀਤ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਣੀ ਸੀ ਪਰ ਭਾਰਤ ਸਰਕਾਰ ਵੱਲੋਂ ਦਬਾਅ ਪਾਏ ਜਾਣ ਕਰਕੇ ਇਸ ਤੇ ਰੋਕ ਲਗਾ ਦਿੱਤੇ ਜਾਣ ਕਰਕੇ ਇਹ ਮਾਮਲਾ ਉਸ ਸਮੇਂ ਤੋਂ ਪੇਚੀਦਾ ਬਣਿਆ ਹੋਇਆ ਸੀ।