ਨਵੀਂ ਦਿੱਲੀ- ਰਾਸ਼ਟਰਪਤੀ ਉਮੀਦਵਾਰ ਦੀ ਦੌੜ ਵਿੱਚ ਹਿੱਸਾ ਲੈ ਰਹੇ ਪ੍ਰਣਬ ਮੁੱਖਰਜੀ ਨੇ ਮੰਗਲਵਾਰ ਨੂੰ ਵਿੱਤਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਸਤੀਫ਼ਾ ਦਿੰਦੇ ਸਮੇਂ ਉਹ ਕਾਫੀ ਭਾਵੁਕ ਹੋ ਗਏ ਸਨ। ਉਹ ਪ੍ਰਧਾਨਮੰਤਰੀ ਨਿਵਾਸ 7 ਰੇਸ ਕੋਰਸ ਰੋਡ ਗਏ ਅਤੇ ਆਪਣਾ ਅਸਤੀਫ਼ਾ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੂੰ ਸੌਂਪ ਦਿੱਤਾ। ਉਹ 28 ਜੂਨ ਨੂੰ ਰਾਸ਼ਟਰਪਤੀ ਪਦ ਲਈ ਹੋਣ ਵਾਲੀ ਚੋਣ ਲਈ ਪਰਚਾ ਭਰਨਗੇ।
ਪ੍ਰਣਬ ਨੇ ਕਿਹਾ ਕਿ ਉਨ੍ਹਾਂ ਨੂੰ 40 ਸਾਲ ਦੀ ਰਾਜਨੀਤੀ ਛੱਡਣ ਦਾ ਦੁੱਖ ਹੈ। ਉਨ੍ਹਾਂ ਨੇ ਕਿਹਾ ਕਿ ਜਰੂਰੀ ਨਹੀਂ ਹੈ ਕਿ ਮੇਰੇ ਸਾਰੇ ਫੈਸਲੇ ਠੀਕ ਰਹੇ ਹੋਣ ਪਰ ਮੈਂ ਜੋ ਵੀ ਫੈਸਲੇ ਕੀਤੇ, ਜਨਤਾ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੇ। ਉਨ੍ਹਾਂ ਨੇ ਕਿਹਾ ਕਿ ਇੱਕ ਪਿੰਡ ਤੋਂ ਨਿਕਲ ਕੇ ਉਨ੍ਹਾਂ ਲੰਬਾ ਸਫਰ ਤੈਅ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਯੂਪੀਏ ਵੱਲੋਂ ਰਾਸ਼ਟਰਪਤੀ ਉਮੀਦਵਾਰ ਬਣਾਏ ਜਾਣ ਤੇ ਉਹ ਸਨਮਾਨਿਤ ਮਹਿਸੂਸ ਕਰ ਰਹੇ ਹਨ।