ਖੰਨਾ – ਪੁਲਿਸ ਜਿਲਾ ਖੰਨਾਂ ਨੂੰ ਪੂਰਨ ਤੌਰ ਤੇ ਜਿਲਾ ਐਲਾਨਣ ਦੀ ਮੰਗ ਨੂੰ ਲੈ ਕੇ ਚੱਲੇ ਸੰਘਰਸ਼ ਨੂੰ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਪੰਜਾਬ ਸਰਕਾਰ ਦੇ ਚੱਲ ਰਹੇ ਵਿਧਾਨ ਸਭਾ ਦੇ ਸੈਸ਼ਨ ਵਿਚ ਪ੍ਰਸ਼ਨ ਕਾਲ ਦੌਰਾਨ ਖੰਨਾ ਦੇ ਹਲਕਾ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਵੱਲੋਂ ਉਠਾਏ ਸਵਾਲਾਂ ਦਾ ਜਵਾਬ ਦਿੰਦਿਆਂ ਇਹ ਕਿਹਾ ਕਿ ਖੰਨਾ ਨੂੰ ਜਿਲਾ ਬਣਾਉਣ ਦੀ ਤਵਤੀਜ ਵਿਚਾਰ ਅਧੀਨ ਹੈ। ਇੱਥੇ ਇਹ ਵਰਣਨਯੋਗ ਹੈ ਕਿ ਹਿੰਦੁਸਤਾਨ ਨੈਸ਼ਨਲ ਪਾਰਟੀ ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਇਕਲਾਹਾ ਦੀ ਅਗਵਾਈ ਹੇਠ ਵੱਖ ਵੱਖ ਜਥੇਬੰਦੀਆਂ ਦੇ ਨੁਮਇਦਿਆਂ ਵੱਲੋਂ 14 ਮਈ ਤੋਂ ਲਗਾਤਾਰ ਐਸ.ਡੀ.ਐਮ. ਦਫਤਰ ਖੰਨਾ ਦੇ ਬਾਹਰ 22 ਜੂਨ ਤੱਕ ਧਰਨਾ ਦਿੱਤਾ ਗਿਆ। ਪੰਜਾਬ ਸਰਕਾਰ ਵੱਲੋ ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆਂ ਨੇ ਸ੍ਰੀ ਕੋਟਲੀ ਦੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਖੰਨਾ ਨੂੰ ਜਿਲਾ ਬਣਾਉਣ ਲਈ ਕੀਤੀ ਜਾ ਰਹੀ ਮੰਗ ਤੇ ਵਿਚਾਰ ਕਰ ਰਹੀ ਹੈ ਅਤੇ ਕੋਟਲੀ ਨੇ ਸਰਕਾਰ ਦੇ ਧਿਆਨ ਵਿਚ ਇਹ ਵੀ ਲਿਆਂਦਾ ਕਿ ਪੁਲਿਸ ਜਿਲਾ ਖੰਨਾ ਅਧੀਨ ਤਿੰਨ ਸਬ ਡਵੀਜਨਾਂ ਅਤੇ ਦੋ ਸਬ ਤਹਿਸੀਲਾਂ ਅਤੇ ਕਈ ਕਸਬੇ ਅਤੇ 386 ਪਿੰਡ ਪੈਂਦੇ ਹਨ । ਇਹਨਾਂ ਪਿੰਡਾਂ ਦੇ ਲੋਕਾਂ ਨੂੰ ਲੁਧਿਆਣਾ ਵਿਖੇ ਜਾ ਕੇ ਕੰਮ ਕਰਵਾਉਣ ਲਈ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ । ਦੂਸਰੇ ਪਾਸੇ ਖੰਨੇ ਨੂੰ ਜਿਲਾ ਬਣਾਉਣ ਦੀ ਮੰਗ ਨੂੰ ਲੈਕੇ ਧਰਨੇ ਦੀ ਸ਼ੁਰੂਆਤ ਕਰਨ ਵਾਲਿਆਂ ਵਿਚ ਹਿੰਦੋਸਤਾਨ ਨੈਸ਼ਨਲ ਪਾਰਟੀ ਦੇ ਪ੍ਰਧਾਨ ਕਰਨੈਲ ਸਿੰਘ ਇਕਲਾਹਾ, ਨੇਤਰ ਸਿੰਘ ਨਾਗਰਾ ਸੀਨੀਅਰ ਮੀਤ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ, ਸੰਦੀਪ ਸਿੰਘ ਰੁਪਾਲੋਂ ਵਿਸ਼ਵ ਪੰਜਾਬੀ ਵਿਰਾਸਤ ਫਾਉਂਡਰੇਸ਼ਨ, ਅਵਤਾਰ ਸਿੰਘ ਭੱਟੀਆਂ, ਪਰਮਜੀਤ ਸਿੰਘ ਧੀਮਾਨ, ਨਾਜ਼ਰ ਸਿੰਘ ਢਿੱਲੋਂ, ਚਰਨਜੀਤ ਕੌਰ ਭੱਟੀਆਂ ਆਦਿ ਨੇ ਪੰਜਾਬ ਸਰਕਾਰ ਵੱਲੋਂ ਖੰਨਾ ਨੂੰ ਜਿਲਾ ਬਣਾਉਣ ਤੇ ਕੀਤੀ ਜਾ ਰਹੀ ਵਿਚਾਰ ਤੇ ਪੰਜਾਬ ਸਰਕਾਰ ਦਾ ਸਵਾਗਤ ਕਰਦਿਆਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਜਲਦੀ ਹੀ ਖੰਨਾ ਨੂੰ ਜਿਲਾ ਬਣਾਉਣ ਦਾ ਐਲਾਨ ਕੀਤਾ ਜਾਵੇ।