ਫਤਿਹਗੜ੍ਹ ਸਾਹਿਬ :- “ਕਿਸੇ ਵੀ ਸ਼ਹਿਰ, ਪਿੰਡ, ਸੂਬੇ ਜਾਂ ਮੁਲਕ ਦੇ ਰਾਜ ਪ੍ਰਬੰਧ ਵਿੱਚ ਅੱਛੇ ਨਤੀਜੇ ਆਉਣ ਦੀ ਉਮੀਦ ਉਦੋਂ ਹੀ ਕੀਤੀ ਜਾ ਸਕਦੀ ਹੈ, ਜਦੋਂ ਉੱਥੋ ਦੇ ਰਾਜ ਪ੍ਰਬੰਧ ਵਿੱਚ ਸਮਾਜ ਅਤੇ ਮਨੁੱਖਤਾ ਦੀ ਸੇਵਾ ਕਰਨ ਵਾਲੀਆਂ ਸੰਜੀਦਾ ਸੋਚ ਰੱਖਣ ਵਾਲੀਆਂ ਸਖਸੀਅਤਾਂ ਦਾ ਪ੍ਰਬੰਧ ਹੋਵੇ। ਅਜਿਹੇ ਲੋਕ ਪੱਖੀ ਨਿਜ਼ਾਮ ਕਾਇਮ ਕਰਨ ਲਈ ਇਹ ਜ਼ਰੂਰੀ ਬਣ ਜਾਂਦਾ ਹੈ ਕਿ ਚੋਣ ਕਮਿਸ਼ਨ ਅਪਰਾਧੀ ਅਤੇ ਗੈਰ ਇਖਲਾਕੀ ਕਾਰਵਾਈਆਂ ਵਾਲਿਆ ਦੀਆਂ ਨਾਮਜ਼ਦਗੀਆ ਹੋਣ ਤੋਂ ਰੋਕਣ ਲਈ ਉਚੇਚਾ ਪ੍ਰਬੰਧ ਕਰੇ।
ਇਹ ਉਪਰੋਕਤ ਵਿਚਾਰ ਅੱਜ ਇੱਥੇ ਭਾਈ ਇਕਬਾਲ ਸਿੰਘ ਟਿਵਾਣਾ ਸਿਆਸੀ ਅਤੇ ਮੀਡੀਆ ਸਲਾਹਕਾਰ ਸ਼੍ਰੋਮਣੀ ਅਕਾਲੀ ਦਲ ( ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫਤਰ ਤੋਂ ਸਮਾਜ ਤੇ ਮਨੁੱਖਤਾ ਪੱਖੀ ਪਾਰਟੀ ਬਿਆਨ ਜਾਰੀ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਆਪਣੇ ਇਸ ਬਿਆਨ ਵਿੱਚ ਕਿਹਾ ਕਿ ਲੰਮੇ ਸਮੇਂ ਤੋਂ ਇਹ ਵੇਖਣ ਵਿੱਚ ਆਇਆ ਹੈ ਕਿ ਚੋਣ ਕਮਿਸ਼ਨ ਵੱਲੋਂ ਹਰ ਵਾਰ ਆਜ਼ਾਦ ਤੇ ਨਿਰਪੱਖ ਚੋਣਾਂ ਕਰਵਾਉਣ ਦੇ ਐਲਾਨ ਤਾਂ ਕੀਤੇ ਜਾਂਦੇ ਹਨ, ਪਰ ਅਮਲੀ ਰੂਪ ਵਿੱਚ ਚੋਣ ਕਮਿਸ਼ਨ ਵੱਲੋਂ ਬਣਾਏ ਗਏ ਨਿਯਮਾਂ ਅਤੇ ਸ਼ਰਤਾਂ ਨੂੰ ਲਾਗੂ ਨਾ ਕਰਕੇ ਅਪਰਾਧੀ ਕਿਸਮ ਦੇ ਉਮੀਦਵਾਰ ਨੂੰ ਅੱਗੇ ਆ ਜਾਣ ਵਿੱਚ ਖੁਦ ਹੀ ਭਾਗੀ ਬਣ ਜਾਂਦਾ ਹੈ। ਜਦੋਂ ਤੱਕ ਅਸੀਂ ਸਮੱਗਲਰਾਂ, ਜਖੀਰੇਬਾਜਾਂ, ਬਦਮਾਸ਼ਾਂ, ਕਾਤਿਲ ਕਿਸਮ ਦੇ ਦੋਸ਼ੀਆਂ ਨੂੰ ਉਮੀਦਵਾਰ ਬਣਨ ਤੋਂ ਹੀ ਨਹੀਂ ਰੋਕ ਸਕਦੇ ਤਾਂ ਅਸੀਂ ਆਪਣੇ ਮੁਲਕ, ਸੂਬੇ, ਪਿੰਡ ਜਾਂ ਸ਼ਹਿਰ ਦੇ ਪ੍ਰਬੰਧ ਵਿੱਚ ਅੱਛੇ ਨਤੀਜਿਆਂ ਦੀ ਕਿਸ ਤਰ੍ਹਾ ਉਮੀਦ ਕਰ ਸਕਦੇ ਹਾਂ? ਸ: ਟਿਵਾਣਾ ਨੇ ਕਿਹਾ ਕਿ ਸਾਬਕਾ ਮੁੱਖ ਚੋਣ ਕਮਿਸ਼ਨਰ ਸ਼੍ਰੀ ਟੀ ਐਨ ਸ਼ੈਸਨ ਅਤੇ ਸ: ਮਨੋਹਰ ਸਿੰਘ ਗਿੱਲ ਨੇ ਆਪੋ-ਆਪਣੇ ਕਾਰਜਕਾਰ ਦੌਰਾਨ ਕੁੱਝ ਕਦਮ ਜ਼ਰੂਰ ਉਠਾਏ ਸਨ ਪਰ ਕਿਤੇ ਨਾ ਕਿਤੇ ਕੋਈ ਅਮਲੀ ਕਮੀ ਜ਼ਰੂਰ ਰਹਿ ਜਾਂਦੀ ਹੈ, ਜਿਸ ਕਾਰਨ ਚੋਣ ਕਮਿਸ਼ਨ ਸਖਤੀ ਵਰਤਣ ਵਿੱਚ ਅਸਮਰੱਥ ਹੋ ਜਾਂਦਾ ਹੈ ਜੋ ਕਿ ਅਤਿ ਦੁਖਦਾਇਕ ਵਰਤਾਰਾ ਹੈ।
ਉਹਨਾਂ ਮੌਜੂਦਾ ਮੁੱਖ ਚੋਣ ਕਮਿਸ਼ਨਰ ਤੇ ਉਹਨਾ ਦੇ ਦੋਵੇਂ ਸਾਥੀ ਕਮਿਸ਼ਨਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਆਪਣੀ ਜਿ਼ੰਦਗੀ ਦੇ ਤਿੰਨ ਹਿੱਸੇ ਦੀ ਜਿ਼ੰਦਗੀ ਉੱਚ ਰੁਤਬਿਆਂ ਉੱਤੇ ਰਹਿ ਕੇ ਸਤਿਕਾਰਤ ਤਰੀਕੇ ਬਸ਼ਰ ਕੀਤੀ ਹੈ। ਜੋ ਉਹਨਾਂ ਦੀ ਜਿ਼ੰਦਗੀ ਦਾ ਆਖਰੀ ਪੜਾਅ ਦੇ ਹਿੱਸੇ ਦੀ ਜਿ਼ੰਦਗੀ ਬਾਕੀ ਹੈ, ਉਹ ਉਸ ਮਿਲੇ ਆਪਣੇ ਸਵਾਸਾਂ ਨੂੰ ਮੁਲਕ ਨਿਵਾਸੀਆਂ ਨੂੰ ਅੱਛਾ ਨਿਜ਼ਾਮ ਕਾਇਮ ਕਰਨ ਲਈ ਜੇਕਰ ਉੱਦਮ ਕਰ ਸਕਣ ਤਾਂ ਹਿੰਦੋਸਤਾਨ ਨਿਵਾਸੀ ਉਹਨਾਂ ਦੀਆਂ ਅਜਿਹੀਆਂ ਸੇਵਾਵਾਂ ਨੂੰ ਸਦਾ ਯਾਦ ਰੱਖੇਗੀ ਤੇ ਉਹ ਅੱਛੇ ਲੋਕਾਂ ਦੀ ਸਰਕਾਰ ਦੇਣ ਵਿੱਚ ਭੂਮਿਕਾ ਨਿਭਾ ਸਕਣਗੇ। ਜਦੋਂ ਸਿਆਸੀ ਆਕਾਵਾਂ ਦੇ ਪ੍ਰਭਾਵਾਂ ਤੋਂ ਨਿਰਲੇਪ ਰਹਿ ਕੇ ਮੁਲਕ ਤੇ ਸਮਾਜ ਦੀ ਬਹਿਤਰੀ ਦੀ ਸੋਚ ਨੂੰ ਅਮਲੀ ਰੂਪ ਦੇਣਗੇ ਤਾਂ ਉਹ ਅਪਰਾਧੀ ਕਿਸਮ ਦੇ ਲੋਕਾਂ ਨੂੰ ਅੱਗੇ ਆਉਣ ਤੋਂ ਵੀ ਰੋਕ ਸਕਣਗੇ, ਜੋ ਕਿ ਸਮੇਂ ਦੀ ਮੁੱਖ ਲੋੜ ਹੈ।