ਅੰਮ੍ਰਿਤਸਰ- ਪਾਕਿਸਤਾਨ ਦੀ ਕੋਟ ਲੱਖਪੱਤ ਜੇਲ੍ਹ ਤੋਂ ਰਿਹਾ ਹੋ ਕੇ ਬਾਘਾ ਬਾਰਡਰ ਤੇ ਪਹੁੰਚੇ ਸੁਰਜੀਤ ਸਿੰਘ ਨੇ ਇਹ ਕਹਿ ਕੇ ਸਨਸਨੀ ਫੈਲਾ ਦਿੱਤੀ ਕਿ ਉਹ ਸੈਨਾ ਦੇ ਲਈ ਜਸੂਸੀ ਕਰਨ ਲਈ ਪਾਕਿਸਤਾਨ ਗਿਆ ਸੀ।ਪਾਕਿਸਤਾਨ ਦੀ ਜੇਲ੍ਹ ਵਿੱਚ ਆਪਣੀ ਜਿੰਦਗੀ ਦੇ 30 ਸਾਲ ਗੁਜ਼ਾਰਨ ਤੋਂ ਬਾਅਦ ਪੰਜਾਬ ਪਹੁੰਚੇ ਸੁਰਜੀਤ ਸਿੰਘ ਨੇ ਦਸਿਆ ਕਿ ਉਸ ਨੂੰ ਜੇਲ੍ਹ ਵਿੱਚ ਕੋਈ ਤਕਲੀਫ਼ ਨਹੀਂ ਹੋਈ ਅਤੇ ਉਸ ਦਾ ਪੂਰਾ ਖਿਆਲ ਰੱਖਿਆ ਜਾਂਦਾ ਸੀ। ਸੁਰਜੀਤ ਸਿੰਘ ਦੇ ਪਰੀਵਾਰ ਨੇ ਬੜੀ ਗਰਮਜੋਸ਼ੀ ਨਾਲ ਉਸ ਦਾ ਸਵਾਗਤ ਕੀਤਾ ਅਤੇ ਮਠਿਆਈਆਂ ਵੰਡੀਆਂ।
ਪਾਕਿਸਤਾਨੀ ਅਧਿਕਾਰੀਆਂ ਦੇ ਨਾਲ ਬਾਘਾ ਬਾਰਡਰ ਤੇ ਪਹੁੰਚੇ 69 ਸਾਲਾ ਸੁਰਜੀਤ ਸਿੰਘ ਨੂੰ ਭਾਰਤੀ ਅਧਿਕਾਰੀਆਂ ਦੇ ਸਪੁਰਦ ਕਰ ਦਿੱਤਾ ਗਿਆ। ਸੁਰਜੀਤ ਸਿੰਘ ਦਾ ਸਵਾਗਤ ਕਰਨ ਲਈ ਉਸ ਦਾ ਪਰੀਵਾਰ ਅਤੇ ਪਿੰਡ ਦੇ 300 ਲੋਕ ਉਥੇ ਮੌਜੂਦ ਸਨ। ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਤੇ ਕਿ ਉਹ ਪਾਕਿਸਤਾਨ ਕਿਸ ਮਕਸਦ ਨਾਲ ਗਏ ਸਨ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਸੈਨਾ ਦੇ ਲਈ ਜਸੂਸੀ ਕਰਨ ਲਈ ਪਾਕਿਸਤਾਨ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਉਹ ਸਰਕਾਰ ਦੇ ਖਿਲਾਫ਼ ਹੋਰ ਕੁਝ ਨਹੀਂ ਦਸੇਗਾ। ਸੁਰਜੀਤ ਸਿੰਘ ਨੇ ਇਹ ਵੀ ਕਿਹਾ ਕਿ ਉਹ ਹੁਣ ਕਦੇ ਵੀ ਪਾਕਿਸਤਾਨ ਨਹੀਂ ਜਾਵੇਗਾ।
ਸੁਰਜੀਤ ਸਿੰਘ ਨੂੰ ਵੀ ਪਾਕਿਸਤਾਨ ਵਿੱਚ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਰਾਸ਼ਟਰਪਤੀ ਗੁਲਾਮ ਇਸਿਹਾਕ ਖਾਨ ਨੇ ਫਾਂਸੀ ਦੀ ਸਜ਼ਾ ਮਾਫ਼ ਕਰਕੇ ਉਮਰ ਕੈਦ ਵਿੱਚ ਤਬਦੀਲ ਕਰ ਦਿੱਤੀ ਸੀ। ਸਰਬਜੀਤ ਸਿੰਘ ਵੀ ਇਸੇ ਜੇਲ੍ਹ ਵਿੱਚ ਹੀ ਕੈਦ ਹੈ। ਸੁਰਜੀਤ ਸਿੰਘ ਦਾ ਕਹਿਣਾ ਹੈ ਕਿ ਸਰਬਜੀਤ ਅਤੇ ਇੱਕ ਹੋਰ ਭਾਰਤੀ ਕੈਦੀ ਕਿਰਪਾਲ ਸਿੰਘ ਨੇ ਆਪਣਾ ਧਰਮ ਬਦਲ ਕੇ ਮੁਸਲਮਾਨ ਧਰਮ ਅਪਨਾ ਲਿਆ ਹੈ। ਉਨ੍ਹਾਂ ਦਾ ਖਿਆਲ ਸੀ ਕਿ ਧਰਮ ਬਦਲਣ ਨਾਲ ਉਨ੍ਹਾਂ ਨੂੰ ਜੇਲ੍ਹ ਵਿੱਚ ਸਹੂਲਤਾਂ ਮਿਲ ਜਾਣਗੀਆਂ, ਪਰ ਅਜਿਹਾ ਨਹੀਂ ਹੋਇਆ।
ਸੁਰਜੀਤ ਸਿੰਘ ਦੇ ਪਰੀਵਾਰ ਨੂੰ ਪਹਿਲਾਂ ਹੀ ਪਤਾ ਲਗ ਗਿਆ ਸੀ ਕਿ ਉਹ ਜਲਦੀ ਹੀ ਰਿਹਾ ਹੋ ਜਾਵੇਗਾ। ਉਸ ਦੀ ਪਤਨੀ ਹਰਬੰਸ ਕੌਰ ਦਸਦੀ ਹੈ ਕਿ ਕਿਸ ਤਰ੍ਹਾਂ ਉਸ ਨੇ ਆਰਥਿਕ ਤੰਗੀ ਦਾ ਸਾਹਮਣਾ ਕਰਕੇ ਰਿਸ਼ਤੇਦਾਰਾਂ ਦੀ ਮੱਦਦ ਨਾਲ ਆਪਣੇ ਪਰੀਵਾਰ ਦਾ ਪਾਲਣ ਪੋਸ਼ਣ ਕੀਤਾ ਹੈ। ਉਨ੍ਹਾਂ ਦੇ ਪੁੱਤਰ ਕੁਲਵਿੰਦਰ ਸਿੰਘ ਦੀ ਉਮਰ ਉਸ ਸਮੇਂ 4 ਸਾਲ ਦੀ ਸੀ ਜਦੋਂ ਉਹ ਆਪਣੇ ਪਿਤਾ ਤੋਂ ਵਿਛੜ ਗਿਆ ਸੀ। ਇਸ ਸਮੇਂ ਕੁਲਵਿੰਦਰ ਸਿੰਘ ਬੱਸ ਕੰਡਕਟਰ ਦੀ ਨੌਕਰੀ ਕਰਦਾ ਹੈ ਅਤੇ ਉਸ ਦੇ ਤਿੰਨ ਬੱਚੇ ਹਨ।