ਇਸਲਾਮਾਬਾਦ- ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਦੀ ਕੁਰਸੀ ਖੁਸਣ ਤੋਂ ਬਾਅਦ ਹੁਣ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਵੀ ਸੰਕਟ ਵਿੱਚ ਘਿਰਦੇ ਵਿਖਾਈ ਦੇ ਰਹੇ ਹਨ। ਲਾਹੌਰ ਹਾਈਕੋਰਟ ਨੇ ਸਪੱਸ਼ਟ ਤੌਰ ਤੇ ਜਰਦਾਰੀ ਨੂੰ ਕਹਿ ਦਿੱਤਾ ਹੈ ਕਿ ਜਾਂ ਤਾਂ ਉਹ ਰਾਜਨੀਤੀ ਛੱਡੇ ਜਾਂ ਫਿਰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਦਾ ਕੇਸ ਝਲਣ ਲਈ ਤਿਆਰ ਰਹੇ। ਇਸ ਲਈ ਰਾਸ਼ਟਰਪਤੀ ਜਰਦਾਰੀ ਨੂੰ 5 ਸਿਤੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਰਦਾਰੀ ਰਾਸ਼ਟਰਪਤੀ ਹੋਣ ਦੇ ਨਾਲ-ਨਾਲ ਪੀਪੀਪੀ ਦੇ ਪ੍ਰਧਾਨ ਵੀ ਹਨ। ਅਦਾਲਤ ਉਨ੍ਹਾਂ ਨੂੰ ਇਹ ਆਦੇਸ਼ ਦੇ ਚੁੱਕੀ ਹੈ ਕਿ ਬਤੌਰ ਰਾਸ਼ਟਰਪਤੀ ਜਰਦਾਰੀ ਨੂੰ ਪੀਪੀਪੀ ਦੇ ਪ੍ਰਧਾਨ ਦਾ ਪਦ ਛੱਡਣਾ ਹੋਵੇਗਾ।
ਅਦਾਲਤ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਜਰਦਾਰੀ ਰਾਸ਼ਟਰਪਤੀ ਪਦ ਦਾ ਇਸਤੇਮਾਲ ਰਾਜਨੀਤਕ ਲਾਭ ਲਈ ਬੰਦ ਕਰੇ। ਹਾਈਕੋਰਟ ਦੇ ਚੀਫ਼ ਜਸਟਿਸ ਉਮਰ ਅਤਾ ਬੰਦਿਆਲ ਦੀ ਪ੍ਰਧਾਨਗੀ ਵਾਲੇ ਤਿੰਨ ਮੈਂਬਰੀ ਬੈਂਚ ਨੇ ਇਹ ਫੈਸਲਾ ਸੁਣਾਇਆ। ਮੁੱਖ ਜੱਜ ਨੇ ਕਿਹਾ ਕਿ ਅਦਾਲਤ ਰਾਸ਼ਟਰਪਤੀ ਲਈ ਇੱਕ ਆਦੇਸ਼ ਜਾਰੀ ਕਰ ਰਹ ਿਹੈ। ਇਸ ਅਨੁਸਾਰ ਜਰਦਾਰੀ ਨੂੰ ਲਾਹੌਰ ਹਾਈਕੋਰਟ ਦਾ ਪਿੱਛਲਾ ਆਦੇਸ਼ ਮੰਨਣਾ ਹੋਵੇਗਾ। ਹਾਈਕੋਰਟ ਨੇ ਪਿੱਛਲੇ ਸਾਲ ਮਈ ਵਿੱਚ ਰਾਸ਼ਟਰਪਤੀ ਨੂੰ ਪੀਪੀਪੀ ਦੇ ਪ੍ਰਧਾਨਗੀ ਪਦ ਤੋਂ ਜਲਦ ਤੋਂ ਜਲਦ ਹਟਣ ਲਈ ਕਿਹਾ ਗਿਆ ਸੀ। ਇਸ ਤੋਂ ਪਹਿਲਾ ਵੀ ਰਾਸ਼ਟਰਪਤੀ ਜਰਦਾਰੀ ਨੂੰ ਕਿਹਾ ਗਿਆ ਸੀ ਕਿ ਦੋਵਾਂ ਪਦਾਂ ਵਿੱਚੋਂ ਕੋਈ ਇੱਕ ਛੱਡ ਦੇਵੇ।