ਨਵੀਂ ਦਿੱਲੀ- ਸਾਬਕਾ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਨੇ ਆਪਣੀ ਆਉਣ ਵਾਲੀ ਪੁਸਤਕ ਟਰਨਿੰਗ ਪੁਵਾਇੰਟਸ ਵਿੱਚ ਕਈਆਂ ਮੁੱਦਿਆਂ ਸਬੰਧੀ ਲਿਖਿਆ ਹੈ। ਇਸ ਪੁਸਤਕ ਵਿੱਚ 2002 ਵਿੱਚ ਹੋਏ ਗੁਜਰਾਤ ਦੰਗਿਆਂ ਤੋਂ ਬਾਅਦ ਕਲਾਮ ਨੇ ਦੰਗਿਆਂ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਕੀਤੇ ਗਏ ਦੌਰੇ ਦਾ ਵਰਨਣ ਕਰਦੇ ਹੋਏ ਲਿਖਿਆ ਹੈ ਕਿ ਉਸ ਸਮੇਂ ਦੇ ਪ੍ਰਧਾਨਮੰਤਰੀ ਅਟੱਲ ਬਿਹਾਰੀ ਵਾਜਪਾਈ ਉਨ੍ਹਾਂ ਵੱਲੋਂ ਕੀਤੀ ਗਈ ਇਸ ਯਾਤਰਾ ਤੋਂ ਖੁਸ਼ ਨਹੀਂ ਸਨ।
ਭਾਰਤ ਦੇ ਇੱਕ ਇੰਗਲਿਸ਼ ਦੇ ਅਖ਼ਬਾਰ ਵਿੱਚ ਛੱਪੇ ਕੁਝ ਤੱਥਾਂ ਅਨੁਸਾਰ ਤਤਕਾਲੀਨ ਪ੍ਰਧਾਨਮੰਤਰੀ ਵਾਜਪਾਈ ਨੇ ਉਸ ਸਮੇਂ ਦੇਸ਼ ਦੇ ਰਾਸ਼ਟਰਪਤੀ ਕਲਾਮ ਨੂੰ ਪੁਛਿਆ, “ ਕੀ ਤੁਸੀਂ ਇਸ ਸਮੇਂ ਗੁਜਰਾਤ ਜਾਣਾ ਜਰੂਰੀ ਸਮਝਦੇ ਹੋ”!
ਰਾਸ਼ਟਰਪਤੀ ਕਲਾਮ ਨੇ ਵਾਜਪਾਈ ਨੂੰ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਸੀ ਕਿ ਮੈਂ ਇਸ ਨੂੰ ਇੱਕ ਮਹੱਤਵਪੂਰਣ ਕੰਮ ਸਮਝਦਾ ਹਾਂ, ਤਾਂ ਕਿ ਮੈਂ ਲੋਕਾਂ ਦੀ ਪੀੜ ਘੱਟ ਕਰਨ ਲਈ ਕੁਝ ਕੰਮ ਆ ਸਕਾਂ ਅਤੇ ਰਾਹਤ ਦੇ ਕੰਮਾਂ ਵਿੱਚ ਤੇਜ਼ੀ ਲਿਆ ਸਕਾਂ। ਕਲਾਮ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਮੰਤਰਾਲੇ ਅਤੇ ਨੌਕਰਸ਼ਾਹੀ ਵੱਲੋਂ ਉਨ੍ਹਾਂ ਨੂੰ ਸਲਾਹ ਦਿੱਤੀ ਗਈ ਸੀ ਕਿ ਇਸ ਮੌਕੇ ਤੇ ਉਨ੍ਹਾਂ ਨੂੰ ਗੁਜਰਾਤ ਦੀ ਯਾਤਰਾ ਨਹੀਂ ਕਰਨੀ ਚਾਹੀਦੀ। ਕਲਾਮ ਨੇ ਇਸ ਸੱਭ ਦੀ ਪ੍ਰਵਾਹ ਨਾਂ ਕਰਦੇ ਹੋਏ 2002 ਵਿੱਚ ਗੁਜਰਾਤ ਵਿੱਚ ਦੰਗਿਆਂ ਤੋਂ ਪ੍ਰਭਾਵਿਤ 12 ਥਾਂਵਾਂ ਦੀ ਯਾਤਰਾ ਕੀਤੀ। ਇਸ ਵਿੱਚ ਤਿੰਨ ਰਾਹਤ ਸ਼ਿਵਰ ਸਨ ਅਤੇ 9 ਦੰਗਿਆਂ ਤੋਂ ਪ੍ਰਭਾਵਿਤ ਇਲਾਕੇ ਸਨ।
ਸਾਬਕਾ ਰਾਸ਼ਟਰਪਤੀ ਨੇ ਲਿਖਿਆ ਹੈ ਕਿ ਪਹਿਲਾਂ ਕਿਸੇ ਵੀ ਰਾਸ਼ਟਰਪਤੀ ਨੇ ਅਜਿਹੇ ਹਾਲਾਤ ਵਿੱਚ ਇਲਾਕੇ ਦਾ ਦੌਰਾ ਨਹੀਂ ਸੀ ਕੀਤਾ। ਇਸ ਲਈ ਮੇਰੀ ਯਾਤਰਾ ਤੇ ਵੀ ਕਈ ਤਰ੍ਹਾਂ ਦੇ ਸਵਾਲ ਕੀਤੇ ਗਏ।ਉਨ੍ਹਾਂ ਨੇ ਇਸ ਦੌਰੇ ਦੌਰਾਨ ਇੱਕ ਘਟਨਾ ਦਾ ਜਿਕਰ ਕਰਦੇ ਹੋਏ ਲਿਖਿਆ ਹੈ ਕਿ ਇੱਕ 6 ਸਾਲ ਦਾ ਬੱਚੇ ਨੇ ਮੇਰੇ ਸਾਹਮਣੇ ਹੱਥ ਜੋੜ ਕੇ ਕਿਹਾ, ‘ਰਾਸ਼ਟਰਪਤੀ ਜੀ, ਮੈਨੂੰ ਮੇਰੇ ਮਾਤਾ ਅਤੇ ਪਿਤਾ ਚਾਹੀਦੇ ਹਨ।’ ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਉਸ ਸਮੇਂ ਨਿਰਉਤਰ ਹੋ ਗਿਆ। ਤੁਰੰਤ ਮੇਰੀ ਮੁੱਖਮੰਤਰੀ ਨਾਲ ਗੱਲ ਹੋਈ ਅਤੇ ਜਿਲ੍ਹਾ ਅਧਿਕਾਰੀਆਂ ਅਤੇ ਮੁੱਖਮੰਤਰੀ ਨੇ ਮੇਰੇ ਨਾਲ ਵਾਅਦਾ ਕੀਤਾ ਕਿ ਇਸ ਬੱਚੇ ਦੀ ਸਿਖਿਆ ਅਤੇ ਸਾਰਾ ਖਰਚ ਸਰਕਾਰ ਉਠਾਵੇਗੀ। ਕਲਾਮ ਨੇ ਆਪਣੀ ਗੁਜਰਾਤ ਯਾਤਰਾ ਤੋਂ ਬਾਅਦ ਲਿਖਿਆ ਹੈ ਕਿ ਆਪਸੀ ਮੱਤਭੇਦਾਂ ਨੂੰ ਲੋਕਾਂ ਦੇ ਖਿਲਾਫ਼ ਹਿੰਸਾ ਦੁਆਰਾ ਪਰਗਟ ਕਰਨਾ ਕਿਸੇ ਵੀ ਹਾਲਾਤ ਵਿੱਚ ਨਿਆਂਪੂਰਣ ਨਹੀਂ ਠਹਿਰਾਇਆ ਜਾ ਸਕਦਾ।