ਆਵਾਜ਼, ਦਾਦੀ ਦੀ
ਕਾਕਾ ਉੱਠ
ਪਿੰਡਾ ਨਹਾ
ਸਕੂਲੇ ਜਾਣਾ
ਹਾਕ ਸੁਣੀ ਵੀ
ਪਰ ਨਹੀਂ ਵੀ
ਕੀਤੀ ਅਣਸੁਣੀ
ਨੀਂਦਰ ਅਤਿ ਪਿਆਰੀ
ਬਾਲਕ ਨੂੰ
ਵੇ ਉੱਠ,
ਨਹੀਂ ਤਾਂ!
ਹਾਂ, ਉਠਦਾਂ
ਬਾਲਕ ਉਠਦਾ
ਬਹਿ ਜਾਂਦਾ
ਉਬਾਸੀ ਲੈਂਦਾ
ਕਈ ਵਾਰ;
ਵਾਰ, ਵਾਰ
ਅੱਖਾਂ ਮਲ਼ਦਾ
ਉੱਠ ਭੱਜਦਾ
ਸ਼ੌਚਾਲਯ ਆਦਿ ਕਰਦਾ
ਫੁਰਤੀ ਨਾਲ਼
ਵਰਦੀ ਲੱਭਦਾ, ਪਹਿਨਦਾ
ਬਸਤਾ ਬੰਨ੍ਹਦਾ, ਚੁੱਕਦਾ
ਬੇਬੇ ਮੁਆਇਨਾ ਕਰਦੀ
ਵੇ, ਫੜ ਬੁਰਛੀ
ਕਰ ਦੰਦ ਸਾਫ
ਨਹੀਂ ਤਾਂ!
ਬੇਬੇ ਥੱਪੜ ਵਖਾਉਂਦੀ
ਬਾਲਕ
ਬਸਤਾ ਸੁੱਟਦਾ
ਮੰਜਨ ਕਰਦਾ
ਬੇਬੇ ਮੂੰਹ ’ਚ
ਬੁਰਕੀ ਠੋਸਦੀ
ਦੁੱਧ ਫੜਾਉਂਦੀ
ਵਾਹਿਗੁਰੂ ਬੋਲਦੀ
ਬਾਲਕ
ਦੁੱਧ ਗਟਾਗਟ
ਬੁਰਕੀ ਫਟਾਫਟ
ਅੰਦਰ ਸੁੱਟਦਾ
ਬੇਬੇ ਦੀ ਨਕਲ ਲਾਹੁੰਦਾ
ਮੂੰਹੋਂ ਵਾਹਿਗੁਰੂ ਬੋਲਦਾ
ਪਹਿਲੀ ਘੰਟੀ ਕੰਨੀ ਪੈਂਦੀ
ਭੱਜ ਪੈਂਦਾ, ਵਾਹੋ ਦਾਹੀ
ਨਿੱਤ ਵਾਂਗੂੰ
ਸਕੂਲ ਵੱਲ
ਮਾਂ ਪਿੱਛੇ ਦੌੜਦੀ
ਪੁੱਤ,
ਇੱਕ ਬੁਰਕੀ ਹੋਰ!
ਪ੍ਰਰਾਰਥਨਾ ਦੀ ਘੰਟੀ ਵੱਜਦੀ
ਬਾਲਕ ਕਤਾਰ ’ਚ ਖਲੋ
ਵਾਹਿਗੁਰੂ ਭੁੱਲ
ਪ੍ਰਾਰਥਨਾ ਗਾਉਂਦਾ
ਨਿੱਤ ਐਦਾ ਹੀ
ਪੂਰ ਪਾਉਂਦਾ
ਜੀਵਨ ਭਰ
ਭੱਜ-ਦੌੜ ਕਰਦਾ
ਕਮਾਉਂਦਾ
ਖਾਂਦਾ,ਖੁਆਉਂਦਾ
ਵਿਚਾਰਾ
ਸਠਿਆ ਗਿਆ
ਆ ਪਹੁੰਚੀ, ਰਾਤ
ਜਿ਼ੰਦਗੀ ਦੀ ਰਾਤ
ਖਿਸਕਿਆ ਦਿਨ
ਜਿ਼ੰਦਗੀ ਦਾ, ਉਵੇਂ
ਜਿਵੇਂ ਸਾਲ ਖਿਸਕੇ
ਅੱਜ ਫੇਰ
ਵਹੁਟੀ ਬੋਲੀ
ਹੁਣ ਸੌਂ ਵੀ ਜਾ
ਰਜ਼ਾਈ ਓੜ੍ਹਦਾ
ਵਾਹਿਗੁਰੂ ਬੋਲਦਾ
ਹੁਕਮ ਪਾਲਣ ਕਰਦਾ
ਚਿੰਤਿਤ, ਵਿਆਕੁਲ
ਨੀਂਦ-ਰਹਿਤ ਨੇਤਰ ਬੰਦ
ਮਨ ਉਡਦਾ
ਜੁਆਨੀ ਯਾਦ ਆਉਂਦੀ
ਸਾਥ ਐ, ਪਰ
ਜਨਾਨੀ ਯਾਦ ਆਉਂਦੀ
ਜਨਾਨੀ ਹੈ, ਜੁਆਨੀ ਨਹੀਂ
ਬੇਬੇ, ਬਾਪੂ, ਦਾਦੀ
ਕਿੱਥੇ ਗਏ?
ਸੋਚਦਾ ਹੁਣ ਵਾਰੀ
ਮੇਰੀ ਵੀ
ਜਾਣਾ ਹੀ ਪਊ?
ਜਿੱਥੇ ਸਭ ਗਏ
ਡਰਦਾ, ਡਰ ਕੇ
ਤ੍ਰਭਕਦਾ!
ਡੋਲਦਾ!
ਸੋਚਦਾ,
ਕਦੋਂ ਮਿਲੇਗਾ ਸਮਾ
ਮੈਨੂੰ, ਅਭਾਗੇ ਨੂੰ
ਸਿਮਰਨ ਦਾ?
ਨਰਕ ਵਿੱਚ?
ਮੂੰਹ ਹਨੇਰਾ
ਅਮ੍ਰਿਤ ਵੇਲਾ
ਪਤਨੀ ਜਗਦੀ
ਪਾਠ ਕਰਦੀ
ਆਪ ਉਂਘਦਾ
ਜਾਗਣ ਵੇਲੇ
ਅਮ੍ਰਿਤ ਵੇਲੇ
ਮੰਦ ਭਾਗਾ!