ਕੋਲਰਾਡੋ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ਼ ਨੇ ਕਿਹਾ ਹੈ ਕਿ ਦੇਸ਼ ਦੇ ਹਾਲਾਤ ਦਿਨ ਬਦਿਨ ਖਰਾਬ ਹੁੰਦੇ ਜਾ ਰਹੇ ਹਨ। ਮੁਸ਼ਰੱਫ਼ ਨੇ ਦੁਬਾਰਾ ਸੈਨਾ ਵੱਲੋਂ ਕੀਤੇ ਜਾ ਸਕਦੇ ਰਾਜ ਪਲਟੇ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ।
ਅਮਰੀਕਾ ਦੀ ਕੋਲਰਾਡੋ ਸਟੇਟ ਵਿੱਚ ਇੱਕ ਸਮਾਗਮ ਦੌਰਾਨ ਸਾਬਕਾ ਰਾਸ਼ਟਰਪਤੀ ਮੁਸ਼ਰੱਫ਼ ਨੇ ਕਿਹਾ, ‘ਪਾਕਿਸਤਾਨ ਦਾ ਸੰਵਿਧਾਨ ਪਵਿੱਤਰ ਹੈ। ਕੀ ਸਾਨੂੰ ਦੇਸ਼ ਨੂੰ ਬਚਾਉਣਾ ਨਹੀੰ ਚਾਹੀਦਾ !’
ਵਰਨਣਯੋਗ ਹੈ ਕਿ ਇਸ ਸਮੇਂ ਪਾਕਿਸਤਾਨ ਸਿਆਸੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ, ਸੈਨਾ ਅਤੇ ਜੁਡੀਸ਼ਰੀ ਵਿੱਚ ਆਪਸੀ ਮੱਤਭੇਦ ਚੱਲ ਰਹੇ ਹਨ। ਮੁਸ਼ਰੱਫ਼ ਦਾ ਅਜੇ ਵੀ ਸੈਨਾ ਨਾਲ ਕਰੀਬੀ ਰਿਸ਼ਤਾ ਹੈ। ਉਨ੍ਹਾ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਸਾਲ ਸੰਸਦੀ ਚੋਣਾਂ ਹੋ ਰਹੀਆਂ ਹਨ। ਚੋਣਾਂ ਦੌਰਾਨ ਉਹ ਪਾਕਿਸਤਾਨ ਪਰਤ ਕੇ ਗ੍ਰਿਫ਼ਤਾਰੀ ਦਾ ਜੋਖਿਮ ਉਠਾ ਸਕਦੇ ਹਨ। ਵਿਦੇਸ਼ ਵਿੱਚ ਨਿਰਵਾਸਨ ਜੀਵਨ ਜੀ ਰਹੇ ਮੁਸ਼ਰੱਫ਼ ਨੇ ਅਜੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਕਦੋਂ ਵਾਪਿਸ ਪਰਤਣਗੇ।