ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ. ਹਰਮਨਜੀਤ ਸਿੰਘ ਨੇ ਪੰਜਾਬ ਕਾਂਗ੍ਰਸ ਦੇ ਆਗੂਆਂ ਵਲੋਂ ਸ. ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੁਰ ਰਾਜਸੀ ਬਦਲਾਖੋਰੀ ਅਧੀਨ ਕਾਂਗ੍ਰਸੀਆਂ ਵਿਰੁਧ ਮੁਕਦਮੇ ਬਣਾਏ ਜਾਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ, ਉਨ੍ਹਾਂ ਦੀ ਬੌਖਲਾਹਟ ਕਰਾਰ ਦਿੱਤਾ ਹੈ। ਸ. ਹਰਮਨਜੀਤ ਸਿੰਘ ਨੇ ਇਥੇ ਜਾਰੀ ਆਪਣੇ ਬਿਆਨ ਵਿੱਚ ਦਸਿਆ ਕਿ ਪੰਜਾਬ ਦੇ ਕਾਂਗ੍ਰਸੀਆਂ ਦੀ ਇਹ ਬੌਖਲਾਹਟ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਪਾਰਟੀ ਦੀ ਲਗਾਤਾਰ ਹੋਈ ਦੂਸਰੀ ਹਾਰ ਤੋਂ ਉਪਜੀ ਹੈ, ਜਿਸਦੇ ਫਲਸਰੂਪ ਉਨ੍ਹਾਂ ਦੇ ਪੰਜਾਬ ਦੀ ਸੱਤਾ ਤੇ ਪੁਜਣ ਦੇ ਸੁਪਨੇ ਚਕਨਾ-ਚੂਰ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਹਾਰ ਤੋਂ ਬਾਅਦ ਪੰਜਾਬ ਕਾਂਗ੍ਰਸ ਇੱਕ ਤਰ੍ਹਾਂ ਏਜੰਡਾ-ਹੀਨ ਹੋ ਕੇ ਰਹਿ ਗਈ ਹੈ, ਜਿਸ ਕਾਰਣ ਉਸਦੇ ਮੁੱਖੀਆਂ ਨੇ ਬੌਖਲਾ ਲੋਕ-ਵਿਰੋਧੀ ਨੀਤੀਆਂ ਅਪਨਾ ਲਈਆਂ ਹਨ, ਜਿਨ੍ਹਾਂ ਦੇ ਸਹਾਰੇ ਉਨ੍ਹਾਂ ਬਾਦਲ-ਸਰਕਾਰ ਵਿਰੁਧ ਕੂੜ-ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਜਿਸਦਾ ਨਤੀਜੇ ਵਜੋਂ ਪੰਜਾਬ ਦੇ ਆਮ ਲੋਕੀ ਤਾਂ ਉਸਤੋਂ ਬੇਮੁੱਖ ਹੋ ਹੀ ਰਹੇ ਹਨ, ਕਾਂਗ੍ਰਸੀ ਮੁੱਖੀ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਉਸ ਨਾਲੋਂ ਤੋੜ-ਵਿਛੋੜਾ ਕਰ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਤੇ ਉਨ੍ਹਾਂ ਵਲੋਂ ਅਪਨਾਈਆਂ ਗਈਆਂ ਪੰਜਾਬ ਅਤੇ ਲੋਕ-ਪੱਖੀ ਨੀਤੀਆਂ ਪ੍ਰਤੀ ਵਿਸ਼ਵਾਸ ਪ੍ਰਗਟ ਕਰਦਿਆਂ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਲ ਲਗਾਤਾਰ ਖਿਚੇ ਚਲੇ ਆਉਣ ਲਗੇ ਹਨ। ਨਤੀਜਨ ਉਸਦੇ ਮੁੱਖੀਆਂ ਵਿੱਚ ਬੌਖਲਾਹਟ ਤੇ ਨਿਰਾਸ਼ਾ ਦਾ ਵਧਦਿਆਂ ਜਾਣਾ ਸੁਭਾਵਕ ਹੀ ਹੈ। ਸ. ਹਰਮਨਜੀਤ ਸਿੰਘ ਨੇ ਪੰਜਾਬ ਕਾਂਗ੍ਰਸ ਦੇ ਮੁੱਖੀਆਂ ਨੂੰ ਸਲਾਹ ਦਿੱਤੀ ਕਿ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਪੰਜਾਬੀਆਂ ਵਲੋਂ ਦਿੱਤੇ ਗਏ ਫਤਵੇ ਨੂੰ ਖਿਡਾਰੀ ਵਾਂਗ ਖਿੜੇ ਮੱਥੇ ਸਵੀਕਾਰ ਕਰਨ ਅਤੇ ਇੱਕ ਜ਼ਿਮੇਂਦਾਰ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਂਗ੍ਰਸੀਆਂ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੀਆਂ ਸਮਸਿਆਵਾਂ ਹਲ ਕਰਵਾਉਣ ਅਤੇ ਉਸਦੇ ਸਿਰ ਕੇਂਦਰ ਦੇ ਚੜ੍ਹੇ ਅਥਾਹ ਕਰਜ਼ੇ ਨੂੰ ਮੁਆਫ ਕਰਵਾਉਣ ਵਿੱਚ ਬਾਦਲ ਸਰਕਾਰ ਨੂੰ ਸਹਿਯੋਗ ਦੇਣ, ਤਾਂ ਜੋ ਪੰਜਾਬ ਤੇਜ਼ੀ ਨਾਲ ਤਰੱਕੀ ਕਰਦਾ ਅਗੇ ਵੱਧ ਸਕੇ।