ਇਸਲਾਮਾਬਾਦ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਵੱਲੋਂ ਮਾਫ਼ੀ ਮੰਗੇ ਜਾਣ ਤੋਂ ਬਾਅਦ ਪਾਕਿਸਤਾਨ ਨੇ ਅਫ਼ਗਾਨਿਸਤਾਨ ਦੇ ਲਈ ਪਿੱਛਲੇ 7 ਮਹੀਨਿਆਂ ਤੋਂ ਬੰਦ ਨੈਟੋ ਦੇ ਸਪਲਾਈ ਰੂਟ ਖੋਲ੍ਹ ਦਿੱਤੇ ਹਨ। ਪਿੱਛਲੇ ਸਾਲ ਨੈਟੋ ਸੈਨਿਕਾਂ ਵੱਲੋਂ ਪਾਕਿਸਤਾਨੀ ਚੌਂਕੀ ਤੇ ਕੀਤੇ ਗਏ ਹਮਲੇ ਦੌਰਾਨ 24 ਪਾਕਿਸਤਾਨੀ ਸੈਨਿਕਾਂ ਦੀ ਮੌਤ ਹੋ ਗਈ ਸੀ। ਇਸ ਦੁਰਘਟਨਾ ਤੋਂ ਬਾਅਦ ਇਹ ਸਪਲਾਈ ਰੂਟ ਬੰਦ ਕਰ ਦਿੱਤੇ ਗਏ ਸਨ।
ਪਾਕਿਸਤਾਨ ਦੇ ਪ੍ਰਧਾਨਮੰਤਰੀ ਪਰਵੇਜ਼ ਅਸ਼ਰੱਫ਼ ਦੀ ਪ੍ਰਧਾਨਗੀ ਵਿੱਚ ਸੁਰੱਖਿਆ ਸਬੰਧੀ ਇੱਕ ਬੈਠਕ ਦੌਰਾਨ ਇਹ ਫੈਸਲਾ ਲਿਆ ਗਿਆ। ਇਸ ਬੈਠਕ ਵਿੱਚ ਪਾਕਿਸਤਾਨ ਦੀ ਸੈਨਾ ਦੇ ਮੁੱਖੀ ਜਨਰਲ ਅਸ਼ਫਾਕ ਕਿਆਨੀ ਵੀ ਮੌਜੂਦ ਸਨ।ਪਾਕਿਸਤਾਨ ਦੀ ਰੱਖਿਆ ਵਿਭਾਗ ਨਾਲ ਜੁੜੀ ਸਮਿਤੀ ਨੇ ਇਹ ਵੀ ਨਿਰਣਾ ਲਿਆ ਕਿ ਇਨ੍ਹਾਂ ਰੂਟਾਂ ਤੇ ਕਿਸੇ ਵੀ ਤਰ੍ਹਾਂ ਦਾ ਟੈਕਸ ਨਹੀਂ ਲਿਆ ਜਾਵੇਗਾ।
ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਫੋਨ ਤੇ ਪਾਕਿਸਤਾਨ ਦੀ ਵਿਦੇਸ਼ਮੰਤਰੀ ਹਿਨਾ ਰਬਾਨੀ ਨਾਲ ਗੱਲਬਾਤ ਦੌਰਾਨ ਕਿਹਾ, “ ਉਸ ਘਟਨਾ ਵਿੱਚ ਮਾਰੇ ਗਏ ਪਾਕਿਸਤਾਨੀ ਸੈਨਿਕਾਂ ਦੇ ਪਰੀਵਾਰਾਂ ਨਾਲ ਨਾਲ ਮੈਂ ਤਹਿ ਦਿਲੋਂ ਅਫ਼ਸੋਸ ਪ੍ਰਗਟ ਕਰਦੀ ਹਾਂ। ਪਾਕਿਸਤਾਨੀ ਸੈਨਾ ਦੇ ਹੋਣ ਵਾਲੇ ਨੁਕਸਾਨ ਦਾ ਸਾਨੂੰ ਕਾਫ਼ੀ ਦੁੱਖ ਹੈ। ਅਸੀਂ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨਾਲ ਕੰਮ ਕਰਨ ਲਈ ਵੱਚਨ-ਬਧ ਹਾਂ।” ਵਿਦੇਸ਼ਮੰਤਰੀ ਰਬਾਨੀ ਨੇ ਹਿਲਰੀ ਨਾਲ ਗੱਲਬਾਤ ਦੌਰਾਨ ਦਸਿਆ ਕਿ ਗਰਾਊਂਡ ਸਪਲਾਈ ਲਾਈਨਾਂ (ਜੀਐਲਓਸੀ) ਖੋਲ੍ਹੀ ਜਾ ਰਹੀ ਹੈ। ਵਰਨਣਯੋਗ ਹੈ ਕਿ ਪਾਕਿਸਤਾਨੀ ਸੈਨਿਕਾਂ ਦੀ ਮੌਤ ਤੋਂ ਬਾਅਦ ਅਮਰੀਕਾ ਅਤੇ ਪਾਕਿਸਤਾਨ ਦੇ ਆਪਸੀ ਸਬੰਧਾਂ ਵਿੱਚ ਕਾਫ਼ੀ ਕੜਵਾਹਟ ਆ ਗਈ ਸੀ। ਅਮਰੀਕਾ ਨੇ ਵੀ ਪਾਕਿਸਤਾਨ ਨੂੰ ਅੱਤਵਾਦ ਨਾਲ ਨਜਿਠਣ ਲਈ ਜੋ ਮੱਦਦ ਦਿੱਤੀ ਜਾਂਦੀ ਸੀ, ਉਸ ਵਿੱਚ ਬਹੁਤ ਸਾਰੀਆਂ ਕਟੌਤੀਆਂ ਕਰ ਦਿੱਤੀਆਂ ਸਨ। ਇਸ ਨਾਲ ਦੋਵਾਂ ਦੇਸ਼ਾਂ ਦੇ ਮਾਮਲੇ ਉਲਝਦੇ ਹੀ ਜਾ ਰਹੇ ਸਨ, ਪਰ ਹੁਣ ਸਬੰਧ ਸੁਧਰਨ ਦੀ ਉਮੀਦ ਵਿਖਾਈ ਦੇ ਰਹੀ ਹੈ।