ਨਵੀਂ ਦਿੱਲੀ-ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਦੇਸ਼ਵਾਸੀਆਂ ਨੂੰ ਸੋਨਾਂ ਨਾਂ ਖ੍ਰੀਦਣ ਦੀ ਸਲਾਹ ਦਿੱਤੀ ਹੈ। ਡਾ: ਮਨਮੋਹਨ ਸਿੰਘ ਨੇ ਕਿਹਾ, ‘ ਸਾਨੂੰ ਨਿਵੇਸ਼ ਦੇ ਉਨ੍ਹਾਂ ਬੰਦ ਦਰਵਾਜਿਆਂ ਨੂੰ ਖੋਲ੍ਹਣ ਦੀ ਲੋੜ ਹੈ, ਜਿੰਨ੍ਹਾਂ ਦੁਆਰਾ ਬੱਚਤਾਂ ਨੂੰ ਉਤਪਾਦਕ ਨਿਵੇਸ਼ ਵਿੱਚ ਲਗਾਇਆ ਜਾਵੇ ਨਾਂ ਕਿ ਸੋਨਾ ਖ੍ਰੀਦਣ ਵਿੱਚ। ਅਜਿਹਾ ਨਿਵੇਸ਼ ਜੋ ਦੇਸ਼ ਵਿੱਚ ਨੌਕਰੀਆਂ ਪੈਦਾ ਕਰੇ ਅਤੇ ਆਰਥਿਕ ਵਿਕਾਸ ਵਿੱਚ ਤੇਜ਼ੀ ਲਿਆਵੇ।’
ਡਾ: ਮਨਮੋਹਨ ਸਿੰਘ ਨੇ ਟੈਕਸ ਸਬੰਧੀ ਚੱਲ ਰਹੇ ਵਿਵਾਦ ਤੇ ਨਿਵੇਸ਼ਕਾਂ ਨੂੰ ਇਹ ਸਪੱਸ਼ਟ ਸੰਕੇਤ ਦਿੱਤੇ ਕਿ ਕਰ ਮਾਮਲੇ ਵਿੱਚ ਮਨਮਰਜ਼ੀ ਵਾਲੀ ਕੋਈ ਗੱਲ ਨਹੀਂ ਹੈ। ਪ੍ਰਧਾਨਮੰਤਰੀ ਦਾ ਬਿਆਨ ਆਮਦਨ ਕਰ ਕਾਨੂੰਨ ਵਿੱਚ ਸੋਧ ਕਰਨ ਕਰਕੇ ਜਿਆਦਾ ਅਹਿਮ ਹੈ,ਇਸ ਦੇ ਤਹਿਤ ਆਮਦਨ ਕਰ ਵਿਭਾਗ ਨੂੰ ਸਾਲਾਂ ਪੁਰਾਣੇ ਸੌਦਿਆਂ ਤੇ ਵੀ ਟੈਕਸ ਵਸੂਲ ਕਰਨ ਦਾ ਅਧਿਕਾਰ ਮਿਲ ਗਿਆ ਹੈ।ਇਸ ਕਾਨੂੰਨ ਦੇ ਲਾਗੂ ਹੋਣ ਨਾਲ ਵੋਡਾਫੋਨ ਸਮੇਤ ਹੋਰ ਕੰਪਨੀਆਂ ਤੋਂ ਵੀ ਨਵੇਂ ਸਿਰੇ ਤੋਂ ਇਨਕਮ ਟੈਕਸ ਦੀ ਮੰਗ ਕੀਤੀ ਜਾਵੇਗੀ। ਸੁਪਰੀਮਕੋਰਟ ਵਿੱਚ ਵੋਡਾਫ਼ੋਨ ਤੋਂ ਕੇਸ ਹਾਰ ਜਾਣ ਤੋਂ ਬਾਅਦ ਸਰਕਾਰ ਨੇ ਕਾਨੂੰਨ ਵਿੱਚ ਇਹ ਸੋਧ ਕੀਤੀ ਹੈ।ਜਨਰਲ ਐਂਟਰੀ ਟੈਕਸ ਅਵਾਈਡੈਂਸ ਰੂਲਜ਼ ਸਬੰਧੀ ਵੀ ਉਨ੍ਹਾਂ ਨੇ ਨਿਵੇਸ਼ਕਾਂ ਦੀ ਚਿੰਤਾ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਉਦਯੋਗ ਜਗਤ ਦਾ ਕਹਿਣਾ ਹੈ ਕਿ ਇਸ ਕਰਕੇ ਵੀ ਵਿਦੇਸ਼ੀ ਨਿਵੇਸ਼ਕ ਭਾਰਤ ਵਿੱਚ ਨਿਵੇਸ਼ ਕਰਨ ਤੋਂ ਝਿਜਕਦੇ ਹਨ।
ਪ੍ਰਧਾਨਮੰਤਰੀ ਨੇ ਆਰਥਿਕ ਸੁਧਾਰਾਂ ਲਈ ਨਵੇਂ ਕਦਮ ਉਠਾਉਣ ਦਾ ਵੀ ਭਰੋਸਾ ਦਿਵਾਇਆ। ਉਨ੍ਹਾਂ ਨੇ ਵਿਦੇਸ਼ੀ ਨਿਵੇਸ਼ਕਾਂ ਨੂੰ ਸੜਕਾਂ, ਰੇਲਵੇ ਅਤੇ ਬੰਦਰਗਾਹਾਂ ਵਰਗੇ ਖੇਤਰਾਂ ਵਿੱਚ ਵੀ ਨਿਵੇਸ਼ ਕਰਨ ਦਾ ਸਦਾ ਦਿੱਤਾ। ਇਨ੍ਹਾਂ ਖੇਤਰਾਂ ਵਿੱਚ ਨਿਵੇਸ਼ ਕਰਨ ਨਾਲ ਅਰਥਵਿਵਸਥਾ ਦੀ ਰਫ਼ਤਾਰ ਵਧੇਗੀ। ਭ੍ਰਿਸ਼ਟਾਚਾਰ ਬਾਰੇ ਪ੍ਰਧਾਨਮੰਤਰੀ ਨੇ ਕਿਹਾ ਕਿ ਮੇਰੇ ਕਾਰਜਕਾਲ ਦੌਰਾਨ ਕੋਈ ਵੱਡਾ ਧਮਾਕਾ ਨਹੀਂ ਹੋਇਆ, ਇਸ ਨੂੰ ਵਧਾ ਚੜ੍ਹਾ ਕੇ ਪੇਸ਼ ਕੀਤਾ ਜਾ ਰਿਹਾ ਹੈ।