ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਅਤੇ ਜੰਗਲਾਤ ਅਤੇ ਕੁਦਰਤੀ ਸੋਮੇ ਵਿਭਾਗ ਵੱਲੋਂ ਸਾਂਝੇ ਤੌਰ ਤੇ ਜੰਗਲਾਤ ਸੁਰੱਖਿਆ ਗਾਰਡਾਂ ਲਈ ਤਿੰਨ ਮਹੀਨੇ ਦਾ ਸਿਖਲਾਈ ਕੋਰਸ ਅੱਜ ਆਰੰਭ ਹੋਇਆ। ਇਸ ਸਿਖਲਾਈ ਕੋਰਸ ਵਿੱਚ ਜੰਗਲਾਤ ਵਿਭਾਗ ਦੇ 180 ਤੋਂ ਵੱਧ ਰੱਖਿਅਕ ਭਾਗ ਲੈ ਰਹੇ ਹਨ। ਅੱਜ ਉਦਘਾਟਨੀ ਸਮਾਗਮ ਵਿੱਚ ਚੀਫ਼ ਕਨਜ਼ਰਵੇਟਰ ਜੰਗਲਾਤ, ਪੰਜਾਬ ਡਾ: ਆਰ ਕੇ ਲੂਣਾ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਉਨ੍ਹਾਂ ਆਪਣੇ ਭਾਸ਼ਣ ਵਿੱਚ ਬੋਲਦਿਆਂ ਕਿਹਾ ਕਿ ਗਲੋਬਲ ਵਾਰਮਿੰਗ ਕਾਰਨ ਸਾਨੂੰ ਵੱਧ ਤੋਂ ਵੱਧ ਰਕਬਾ ਜੰਗਲਾਂ ਹੇਠਾਂ ਲਿਆਉਣਾ ਚਾਹੀਦਾ ਹੈ। ਇਸ ਲਈ ਸਾਨੂੰ ਸੰਜਮ ਨਾਲ ਖਾਦਾਂ ਅਤੇ ਰਸਾਇਣ ਵਰਤਣੇ ਚਾਹੀਦੇ ਹਨ। ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਹਰਿਆ ਭਰਿਆ ਪੰਜਾਬ ਬਣਾਉਣ ਦੀ ਮੁਹਿੰਮ ਫਾਜਿਲਕਾ ਤੋਂ ਆਰੰਭ ਕੀਤੀ ਗਈ ਹੈ ਜਿਸ ਤਹਿਤ ਅਗਾਮੀ ਅੱਠ ਸਾਲਾਂ ਦੌਰਾਨ 40 ਕਰੋੜ ਤੋਂ ਵੱਧ ਬੂਟੇ ਲਗਾਏ ਜਾਣਗੇ। ਇਸ ਨਾਲ ਸੂਬੇ ਦੇ ਜੰਗਲਾਤ ਦੇ ਰਕਬੇ ਵਿੱਚ 7 ਤੋਂ 15 ਫੀ ਸਦੀ ਤਕ ਵਾਧਾ ਹੋਵੇਗਾ।
ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਮੁਖਤਾਰ ਸਿੰਘ ਗਿੱਲ ਨੇ ਬੋਲਦਿਆਂ ਕਿਹਾ ਕਿ ਪੰਜਾਬ ਸੂਬੇ ਵਿੱਚ ਜੰਗਲਾਤ ਹੇਠ ਰਕਬਾ ਜ਼ਰੂਰਤ ਅਨੁਸਾਰ ਘੱਟ ਹੈ ਅਤੇ ਵਾਤਾਵਰਨ ਵਿੱਚ ਆ ਰਹੇ ਬਦਲਾਅ ਕਾਰਨ ਸਥਿਤੀ ਗੰਭੀਰ ਹੋ ਸਕਦੀ ਹੈ। ਇਸ ਨੂੰ ਠੱਲ੍ਹ ਪਾਉਣ ਲਈ ਕੌਮਾਂਤਰੀ ਅਤੇ ਅੰਤਰ ਰਾਸ਼ਟਰੀ ਪੱਧਰ ਤੇ ਵਿਸ਼ੇਸ਼ ਤੌਰ ਤੇ ਉਪਰਾਲੇ ਆਰੰਭੇ ਗਏ ਹਨ। ਸੂਬੇ ਵਿੱਚ ਇਸ ਵੱਲ ਪਹਿਲਕਦਮੀ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ ਅਤੇ ਜੰਗਲਾਂ ਦੀ ਰੱਖਿਆ ਲਈ ਤਾਇਨਾਤ ਕਰਮਚਾਰੀਆਂ ਨੂੰ ਸਿਖਲਾਈ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਹੈ। ਕੁਦਰਤੀ ਸੋਮੇ ਵਿਭਾਗ ਦੇ ਮੁਖੀ ਡਾ: ਅਵਤਾਰ ਸਿੰਘ ਨੇ ਸਭਨਾਂ ਨੂੰ ਜੀ ਆਇਆਂ ਆਖਿਆ । ਉਨ੍ਹਾਂ ਵਿਸ਼ੇਸ਼ ਤੌਰ ਤੇ ਵਿਭਾਗ ਵੱਲੋਂ ਵਿਕਸਤ ਕੀਤੀ ਜਾਣਕਾਰੀ ਬਾਰੇ ਸਭਨਾਂ ਨੂੰ ਜਾਣੂੰ ਕਰਵਾਇਆ। ਅੰਤ ਵਿੱਚ ਧੰਨਵਾਦ ਦੇ ਸ਼ਬਦ ਡਾ: ਐਚ ਐਸ ਬਾਜਵਾ ਨੇ ਕਹੇ।