ਲੈਸਟਰ, (ਪਰਮਜੀਤ ਸਿੰਘ ਬਾਗੜੀਆ)-ਕਬੱਡੀ ਕਲੱਬ ਵਲੋਂ ਕਰਵਾਏ ਗਏ ਕਬੱਡੀ ਕੱਪ ਵਿਚ ਐਤਕੀ ਡਰਬੀ ਦੀ ਟੀਮ ਫਾਈਨਲ ਮੁਕਾਬਲੇ ਵਿਚ ਸਾਊਥਾਲ ਨੂੰ ਹਰਾ ਕੇ ਪਹਿਲਾ ਕੱਪ ਜਿੱਤਣ ਵਿਚ ਸਫਲ ਰਹੀ। ਲੈਸਟਰ ਦਾ ਮੇਲਾ ਸਫਲ ਬਣਾਉਣ ਲਈ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਚੇਅਰਮੈਨ ਪਿਆਰਾ ਸਿੰਘ ਰੰਧਾਵਾ, ਨਿਰਮਲ ਸਿੰਘ ਲੱਡੂ ਖਜ਼ਾਨਚੀ ਅਤੇ ਹਰਵਿੰਦਰ ਸਿੰਘ ਵਿਰਕ ਭਲਵਾਨ ਬੀੜ ਬੰਸੀਆ ਨੇ ਪੂਰਾ ਜੋਰ ਲਾਇਆ ਹੋਇਆ ਸੀ। ਲੈਸਟਰ ਮੇਲੇ ਦੇ ਪਹਿਲੇ ਦੌਰ ਵਿਚ ਡਰਬੀ ਨੇ ਬਾਰਕਿੰਗ ਨੁੰ, ਟੈਲਫੋਰਡ ਨੇ ਬਰਮਿੰਘਮ ਨੂੰ, ਗ੍ਰੇਵਜੈਂਡ ਨੇ ਹੇਜ ਨੂੰ, ਸਾਊਥਾਲ ਨੇ ਸਿੱਖ ਟੈਂਪਲ ਨੂੰ ਮਿਡਵੇ ਨੇ ਸਲੋਹ ਨੂੰ, ਲੈਸਟਰ ਨੇ ਕਵੈਂਟਰੀ ਨੂੰ ਅਤੇ ਈਰਥ ਨੇ ਪੰਜਾਬ ਯੁਨਾਈਟਡ ਨੂੰ ਹਰਾਇਆ। ਅਗਲੇ ਗੇੜ ਵਿਚ ਫਿਰ ਟੈਲਫੋਰਡ ਨੇ ਵਾਲਸਲ ਨੂੰ, ਡਰਬੀ ਨੇ ਗ੍ਰੈਵਜੈਂਡ ਨੂੰ ਅਤੇ ਮਿਡਵੇ ਨੇ ਈਰਥ ਨੂੰ ਹਰਾਇਆ।
ਅੱਜ ਲਿਸਟਰ ਮੇਲੇ ਵਿਚ ਸਿੰਘਾਂ ਦੀ ਟੀਮ ਦਾ ਮੈਚ ਵੇਖਣ ਲਈ ਦਰਸ਼ਕਾਂ ਵਿਚ ਪੂਰਾ ਉਤਸ਼ਾਹ ਸੀ। ਸਿੰਘਾਂ ਦੀ ਟੀਮ ਲਿਸਟਰ ਕਬੱਡੀ ਕਲੱਬ ਦੇ ਸਾਊਥਾਲ ਨਾਲ ਮੈਚ ਦੌਰਾਨ ਧਾਵੀ ਗੁਰਮੀਤ ਮੰਡੀਆ ਨੇ ਉਂਗਲ ਖੜੀ ਕਰ ਕਰ ਕੇ ਕਬੱਡੀਆਂ ਪਾਈਆਂ ਜੰਗੀ ਬੇਰੀ ਅਤੇ ਸੁੱਖਾ ਨਰੰਜਨਪੁਰ ਵੀ ਵਧੀਆ ਖੇਡੇ। ਲੈਸਟਰ ਵਾਲੇ ਪ੍ਰਮੋਟਰਾਂ ਕੁਲਵੰਤ ਸੰਘਾ ਅਤੇ ਪਿਆਰਾ ਸਿੰਘ ਰੰਧਾਵਾ ਨੇ ਸ. ਦਿਲਮੇਘ ਸਿੰਘ ਸਕੱਤਰ ਸ੍ਰੋਮਣੀ ਕਮੇਟੀ ਨੂੰ ਵੀ ਉਚੇਚੇ ਤੌਰ ਤੇ ਬੁਲਾਇਆ ਹੋਇਆ ਸੀ। ਲੈਸਟਰ ਟੀਮ ਦੇ ਜਾਫੀਆਂ ਕਰਮਜੀਤ ਲਸਾੜਾ ਅਤੇ ਕਾਂਤਾ ਸਿ਼ਕਾਰ ਮਾਛੀਆ ਨੇ ਯਾਦਗਾਰੀ ਜੱਫੇ ਭਰੇ। ਸਿੰਘਾਂ ਦੀਆਂ ਰੇਡਾਂ ਅਤੇ ਜੱਫਿਆਂ ਪੌਂਡ ਲਗਦੇ ਰਹੇ। ਸਿੰਘਾਂ ਦੀ ਖੇਡ ਦਾ ਦਰਸ਼ਕਾਂ ਵਿਚ ਬਹੁਤ ਉਤਸ਼ਾਹ ਸੀ ਲਗਦਾ ਸੀ ਜਿਵੇ ਦਰਸ਼ਕ ਅੱਜ ਸਿੰ਼ਘਾਂ ਦਾ ਹੀ ਮੈਚ ਵੇਖਣ ਲਈ ਆਏ ਹਨ।
ਪਹਿਲੇ ਸੈਮੀਫਾਈਨਲ ਵਿਚ ਸਾਊਥਾਲ ਨੇ ਟੈਲਫੋਰਡ ਨੂੰ ਹਰਾਇਆ। ਸਾਊਥਾਲ ਦੇ ਜਾਫੀਆਂ ਅਮਨ ਪੱਤੜ, ਸਲਾਮੂ ਅਤੇ ਢਿੱਲੋਂ ਦੇ ਜੱਫਿਆਂ ਨੇ ਮੈਚ ਸਮੇਂ ਤੋਂ ਪਹਿਲਾ ਹੀ ਸਮੇਟ ਦਿੱਤਾ। ਦੂਜੇ ਸੈਮੀਫਾਈਨਲ ਵਿਚ ਡਰਬੀ ਅਤੇ ਮਿਡਵੇ ਦਾ ਮੁਕਾਬਲਾ ਬੜਾ ਫਸਵਾਂ ਚੱਲਿਆ। ਇਹ ਮੈਚ ਡਰਬੀ ਨੇ 32 ਦੇ ਮੁਕਾਬਲੇ ਸਾਢੇ 32 ਅੰਕਾ ਨਾਲ ਜਿੱਤਿਆ। ਡਰਬੀ ਵਲੋਂ ਜਾਫੀ ਸੰਦੀਪ ਨੰਗਲ ਅੰਬੀਆਂ ਅਤੇ ਮਿਡਵੇ ਵਲੋਂ ਜਾਫੀ ਚੰਨਾ ਭੇਟਾ ਦੇ ਜੱਫਿਆਂ ਨੇ ਇਕ ਵਾਰ ਤਾ ਦਰਸ਼ਕਾਂ ਲਈ ਪੂਰਾ ਨਜ਼ਾਰਾ ਬੰਨ੍ਹ ਕੇ ਰੱਖ ਦਿੱਤਾ। ਮੈਚਾਂ ਦੀ ਕੁਮੈਂਟਰੀ ਅਰਵਿੰਦਰ ਕੋਛੜ, ਭਿੰਦਾ ਮੁਠੱਡਾ ਅਤੇ ਸੋਖਾ ਢੇਸੀ ਨੇ ਆਪਣੇ ਆਪਣੇ ਅੰਦਾਜ ਵਿਚ ਕੀਤੀ।
ਫਾਈਨਲ ਮੈਚ ਵਿਚ ਟੱਕਰ ਡਰਬੀ ਅਤੇ ਸਾਊਥਾਲ ਵਿਚਕਾਰ ਸੀ। ਇਸ ਮੈਚ ਵਿਚ ਦੋਵੇਂ ਪਾਸਿਉਂ ਫਿਰ ਜੱਫੇ ‘ਤੇ ਜੱਫਾ ਪਿਆ। ਡਰਬੀ ਨੇ ਸਾਊਥਾਲ ਦੇ ਜਾਫੀਆਂ ਵਲੋਂ ਲਾਏ 11 ਜੱਫਿਆਂ ਦੇ ਜੁਆਬ ਵਿਚ 13 ਜੱਫੇ ਲਾ ਕੇ ਮੈਚ ਸਾਢੇ 35 ਦੇ ਮੁਕਾਬਲੇ 37 ਅੰਕਾਂ ਨਾਲ ਜਿੱਤ ਕੇ ਟੀਮ ਲਈ ਪਹਿਲਾ ਕੱਪ ਜਿੱਤਿਆ। ਸੰਦੀਪ ਅਤੇ ਅਮਨ ਪੱਤੜ 5-5 ਜੱਫੇ ਲਾ ਕੇ ਸਾਂਝੇ ਤੌਰ ਤੇ ਬੈਸਟ ਜਾਫੀ ਅਤੇ ਜਗਮੀਤ ਭੜਾਣਾ ਬੈਸਟ ਧਾਵੀ ਬਣਿਆ। ਡਰਬੀ ਵਲੋਂ ਕੱਪ ਚੁੱਕਣ ਦੀ ਖੁਸ਼ੀ ਵਿਚ ਪ੍ਰਬੰਧਕਾਂ ਸੋਖਾ ਅਟਵਾਲ, ਬਲਬੀਰ ਸਿੱਧੂ, ਹਰਚਰਨ ਬੋਲਾ ਅਤੇ ਪੱਪੂ ਬਜੂਹਾ ਪੂਰੇ ਖੁਸ਼ ਸਨ। ਲੈਸਟਰ ਕਬੱਡੀ ਕਲੱਬ ਵਲੋਂ ਸ. ਦਿਲਮੇਘ ਸਿੰਘ, ਗੁਰਮੀਤ ਸਿੰਘ ਕਾਹਲੋਂ ਅਤੇ ਬਿਧੀ ਸਿੰਘ ਦਾ ਵਿਸ਼ੇਸ ਸਨਮਾਨ ਕੀਤਾ ਗਿਆ। ਲੈਸਟਰ ਕਬੱਡੀ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਅਤੇ ਚੇਅਰਮੈਨ ਪਿਆਰਾ ਸਿੰਘ ਰੰਧਾਵਾ ਵਲੋਂ ਕੀਤੇ ਸੁਚੱਜੇ ਪ੍ਰਬੰਧਾ ਸਦਕਾ ਲੈਸਟਰ ਦਾ ਮੇਲਾ ਵੀ ਪੂਰਾ ਕਾਮਯਾਬ ਰਿਹਾ।