ਚੰਡੀਗੜ੍ਹ- ਪੰਜਾਬ ਦੇ ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਲਵਲੀ ਯੂਨੀਵਰਿਸਟੀ ਦੇ ਅਫ਼ਰੀਕੀ ਵਿਦਿਆਰਥੀ ਯਾਨਿਕ ਨਾਲ ਕੀਤੀ ਕੁੱਟਮਾਰ ਦੀ ਜਾਂਚ ਕਰਨ ਦੇ ਆਦੇਸ਼ ਦਿੱਤੇ ਹਨ। ਮੁੱਖਮੰਤਰੀ ਨੇ ਯਾਨਿਕ ਦੇ ਇਲਾਜ ਲਈ ਪੰਜ ਲੱਖ ਰੁਪੈ ਦੇਣ ਦਾ ਵੀ ਐਲਾਨ ਕੀਤਾ ਹੈ।ਯਾਨਿਕ ਦਾ ਪਟਿਆਲਾ ਦੇ ਕੋਲੰਬੀਆ ਏਸ਼ੀਆ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਉਹ ਢਾਈ ਮਹੀਨੇ ਤੋਂ ਕੋਮਾ ਵਿੱਚ ਹੈ। ਇਸ ਸਬੰਧੀ ਹੁਣ ਤੱਕ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਯਾਨਿਕ ਨਾਲ ਮਾਰਕੁੱਟ ਕਰਨ ਦਾ ਅਰੋਪ ਇੱਕ ਐਸ. ਪੀ. ਦੇ ਪੁੱਤਰ ਤੇ ਵੀ ਲਗਾ ਹੈ, ਜਿਸਦੀ ਜਾਂਚ ਚੱਲ ਰਹੀ ਹੈ।
ਵਰਨਣਯੋਗ ਹੈ ਕਿ 21 ਅਪਰੈਲ ਦੀ ਰਾਤ ਨੂੰ ਯਾਨਿਕ ਆਪਣੇ ਦੋਸਤਾਂ ਦੇ ਨਾਲ ਬੱਸ ਸਟੈਂਡ ਦੇ ਕੋਲ ਮੌਜੂਦ ਸੀ, ਉਥੇ ਕੁਝ ਲੋਕਾਂ ਦਾ ਉਸ ਨਾਲ ਝਗੜਾ ਹੋ ਗਿਆ। ਉਨ੍ਹਾਂ ਨੇ ਪੀਜੀ ਵਿੱਚ ਜਾ ਕੇ ਯਾਨਿਕ ਤੇ ਹਮਲਾ ਕਰ ਦਿੱਤਾ। ਯਾਨਿਕ ਆਪਣੇ ਦੋਸਤ ਦੀ ਜਨਮ ਦਿਨ ਦੀ ਪਾਰਟੀ ਵਿੱਚ ਸ਼ਾਮਿਲ ਹੋਣ ਲਈ ਪਟਿਆਲਾ ਆਇਆ ਸੀ। ਯਾਨਿਕ ਦੇ ਪਿਤਾ ਨੇ ਇਹ ਦਾਅਵਾ ਕੀਤਾ ਸੀ ਕਿ ਉਹ ਪਹਿਲਾਂ ਵੀ ਮੁੱਖਮੰਤਰੀ ਨੂੰ ਦੋ ਵਾਰ ਪੱਤਰ ਲਿਖ ਚੁੱਕਾ ਹੈ ਪਰ ਕੋਈ ਜਵਾਬ ਨਹੀਂ ਮਿਲਿਆ। ਵਿਦੇਸ਼ ਮੰਤਰਾਲੇ ਨੇ ਵੀ ਪੀੜਿਤ ਪਰੀਵਾਰ ਨੂੰ ਕਨੂੰਨੀ ਮੱਦਦ ਦਾ ਭਰੋਸਾ ਦਿਵਾਇਆ ਹੈ।