ਰੀਵਜ਼ਬੀ,(ਸਰਤਾਜ ਸਿੰਘ)-ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੀਵਜ਼ਬੀ ਸਿਡਨੀ ਵਿਖੇ, ਸਜੇ ਧਾਰਮਿਕ ਦੀਵਾਨ ਵਿਚ, ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਵੱਲੋਂ ਸਾਜੇ ਗਏ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਹਾਨਤਾ ਬਾਰੇ, ਸਿਡਨੀ ਵਾਸੀ ਪੰਥਕ ਵਿਦਵਾਨ ਗਿ. ਸੰਤੋਖ ਸਿੰਘ ਜੀ ਨੇ, ਸੰਖੇਪ ਵਿਚ ਵਿਚਾਰ ਪਰਗਟ ਕੀਤੇ। ਆਪਣੇ ਭਾਸ਼ਨ ਉਪ੍ਰੰਤ ਗਿਆਨੀ ਜੀ ਨੇ ਆਪਣੀਆਂ ਤਿੰਨ ਕਿਤਾਬਾਂ, ਧਾਰਮਿਕ ਅਤੇ ਇਤਿਹਾਸਕ ਲੇਖਾਂ ਦੀ ਕਿਤਾਬ ‘ਸਚੇ ਦਾ ਸਚਾ ਢੋਆ’ ਦੀ ਚੌਥੀ ਐਡੀਸ਼ਨ, ਸਾਹਿਤਕ ਲੇਖਾਂ ਦੀ ਕਿਤਾਬ ‘ਜੋ ਵੇਖਿਆ ਸੋ ਆਖਿਆ’ ਦੀ ਦੂਜੀ ਐਡੀਸ਼ਨ ਅਤੇ ਆਪਣੀਆਂ 1947 ਤੋਂ ਆਰੰਭ ਹੋ ਕੇ ਕਿਤਾਬ ਛਪਣ ਤੱਕ ਦੀਆਂ ਯਾਦਾਂ ਵਾਲੀ, ਵੱਡ ਆਕਾਰੀ ਅਤੇ ਬਹੁਮੁੱਲੀਆਂ ਤਸਵੀਰਾਂ ਵਾਲ਼ੀ ਕਿਤਾਬ ‘ਬਾਤਾਂ ਬੀਤੇ ਦੀਆਂ’, ਗੁਰਦੁਆਰਾ ਸਾਹਿਬ ਦੀ ਲਾਇਬ੍ਰੇਰੀ ਵਾਸਤੇ ਭੇਟਾ ਕੀਤੀਆਂ। ਇਹ ਕਿਤਾਬਾਂ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਸ. ਮਹਿੰਦਰ ਸਿੰਘ ਬਿੱਟਾ ਅਤੇ ਜਨਰਲ ਸਕੱਤਰ ਸ. ਪਦਮਦੀਪ ਸਿੰਘ ਜੀ ਨੇ ਗਿਆਨੀ ਜੀ ਤੋਂ ਪਰਾਪਤ ਕੀਤੀਆਂ।
ਯਾਦ ਰਹੇ ਕਿ 1972 ਤੱਕ ਪੰਜਾਬ ਵਿਚ ਰਹਿਣ ਸਮੇ ਗਿਆਨੀ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਧਾਰਮਿਕ, ਵਿਦਿਆਕ ਭਾਈਚਾਰਕ ਅਤੇ ਸਿਆਸੀ ਸਰਗਰਮੀਆਂ ਸ਼ਾਮਲ ਰਹੇ ਹੋਣ ਕਰਕੇ ਪੰਥਕ ਮਸਲਿਆਂ ਦੀ ਅੰਦਰੂਨੀ ਜਾਣਕਾਰੀ ਦਾ ਭੰਡਾਰ ਰੱਖਦੇ ਹਨ। 1973 ਤੋਂ ਲੈ ਕੇ ਦੁਨੀਆ ਭਰ ਦੇ ਦੇਸ ਅਤੇ ਪਰਦੇਸਾਂ ਵਿਚ ਵਸਦੀਆਂ ਸਿੱਖ ਸੰਗਤਾਂ ਵਿਚ ਵਿਚਰ ਕੇ ਪੰਥਕ, ਸਿੱਖੀ, ਪੰਜਾਬੀ ਬੋਲੀ, ਗੁਰਮੁਖੀ ਅੱਖਰ, ਪੰਥਕ ਵਿਚਾਰਧਾਰਾ ਦਾ ਸੰਚਾਰ ਸਰਗਰਮੀ ਨਾਲ ਕਰ ਰਹੇ ਹਨ।
ਗਿਆਨੀ ਜੀ ਦੀਆਂ ਹੁਣ ਤੱਕ ਪੰਜ ਕਿਤਾਬਾਂ ਛਪ ਕੇ ਪਾਠਕਾਂ ਦੇ ਹੱਥਾਂ ਤੱਕ ਪਹੁੰਚ ਚੁਕੀਆਂ ਹਨ। ਇਸ ਤੋਂ ਇਲਾਵਾ ਦੁਨੀਆ ਭਰ ਦੇ ਪੰਜਾਬੀ ਪੱਤਰਾਂ ਵਿਚ ਗਿਆਨੀ ਜੀ ਦੇ ਲੇਖ ਛਪਦੇ ਰਹਿੰਦੇ ਹਨ ਜਿਨ੍ਹਾਂ ਨੂੰ ਪੰਜਾਬੀ ਪਾਠਕ ਬੜੇ ਉਤਸ਼ਾਹ ਨਾਲ਼ ਪੜ੍ਹਦੇ ਹਨ। ਪੰਜਾਬੀ ਪਰਚਿਆਂ ਦੇ ਸੰਪਾਦਕ ਵੀ ਗਿਆਨੀ ਜੀ ਪਾਸੋਂ ਲੇਖਾਂ ਦੀ ਮੰਗ ਕਰਕੇ ਉਹਨਾਂ ਨੂੰ ਬੜੀ ਖ਼ੁਸ਼ੀ ਨਾਲ਼ ਛਾਪਦੇ ਹਨ। ਵੱਖ ਵੱਖ ਦੇਸਾਂ ਵਿਚ ਵਸਦੇ ਪੰਜਾਬੀ ਜਿਥੇ ਉਹਨਾਂ ਦੇ ਭਾਸ਼ਨ ਉਤਸੁਕਤਾ ਨਾਲ਼ ਸੁਣਦੇ ਹਨ ਓਥੇ ਗਿਆਨੀ ਜੀ ਦੀਆਂ ਲਿਖਤਾਂ ਵੀ ਬੜੇ ਉਤਸ਼ਾਹ ਨਾਲ਼ ਪੜ੍ਹਦੇ ਹਨ।
ਯਾਦ ਰਹੇ ਕਿ ਗਿਆਨੀ ਜੀ ਦੇ ਜੀਵਨ ਦਾ ਨਿਸ਼ਾਨਾ ਹੈ ਕਿ ਵਧ ਤੋਂ ਵਧ ਪੰਜਾਬੀ ਪਿਆਰਿਆਂ ਤੱਕ ਸਿੱਖ ਪੰਥ, ਪੰਜਾਬੀ ਬੋਲੀ, ਗੁਰਮੁਖੀ ਅੱਖਰ, ਪੰਜਾਬ ਦੇ ਅੱਖੀਂ ਵੇਖੇ ਇਤਿਹਾਸ ਤੋਂ ਪੰਜਾਬੀ ਪਾਠਕਾਂ ਨੂੰ ਜਾਣੂ ਕਰਵਾਇਆ ਜਾਵੇ। ਇਸ ਕਾਰਜ ਹਿਤ ਉਹ ਹਰ ਸਮੇ ਹਰ ਸ਼ਹਿਰ ਅਤੇ ਹਰ ਦੇਸ ਵਿਚ ਜਾਣ ਲਈ ਤਿਆਰ ਰਹਿੰਦੇ ਹਨ। ਜਿਥੇ ਖ਼ੁਦ ਨਹੀ ਪਹੁੰਚ ਸਕਦੇ ਓਥੇ ਕੰਪਿਟਊਰ ਰਾਹੀਂ ਆਪਣੇ ਲੇਖਾਂ ਅਤੇ ਕਿਤਾਬਾਂ ਨੂੰ ਸਾਫ਼ਟ ਕਾਪੀ ਦੇ ਰੂਪ ਵਿਚ ਈ-ਮਲ ਰਾਹੀਂ ਭੇਜਦੇ ਹਨ।
ਇਸ ਵਾਰੀ ਦੇ ਵੈਸਾਖੀ ਪੁਰਬ ਸਮੇ ਵੀ ਗਿਆਨੀ ਜੀ ਗੁਰਦੁਆਰਾ ਸ੍ਰੀ ਪੰਜਾ ਸਾਹਿਬ (ਪਾਕਿਸਤਾਨ) ਵਿਚ, ਸਾਰੇ ਸੰਸਾਰ ਵਿਚੋਂ ਆਏ ਸ਼ਰਧਾਲੂਆਂ ਨੂੰ ਆਪਣੀਆਂ ਕਿਤਾਬਾਂ ਵੰਡ ਕੇ ਆਏ ਹਨ। ਪਾਕਿਸਤਾਨ ਵਿਚ ਉਹ ਸਾਹਿਤਕ ਇੱਕਠਾਂ ਅਤੇ ਧਾਰਮਿਕ ਦੀਵਾਨਾਂ ਵਿਚ ਸ਼ਮੂਲੀਅਤ ਦੇ ਨਾਲ਼ ਨਾਲ਼ ਲਾਹੌਰ ਟੀ.ਵੀ. ਸਮੇਤ ਮੀਡੀਏ ਰਾਹੀਂ ਵੀ ਦਰਸ਼ਕਾਂ ਨੂੰ ਸੰਬੋਧਨ ਹੋਏ। ਇਸ ਤੋਂ ਇਲਾਵਾ ਭਾਰਤੀ ਪੰਜਾਬ ਵਿਚਲੇ ਮੀਡੀਏ ਵਿਚ ਵੀ ਗਿਆਨੀ ਜੀ ਦੀਆਂ ਸਰਗਰਮੀਆਂ ਦਾ ਢੁਕਵੇਂ ਸ਼ਬਦਾਂ ਵਿਚ ਜ਼ਿਕਰ ਹੋਇਆ। ਦੂਰ ਦਰਸ਼ਨ ਜਲੰਧਰ, ਟਾਈਮ ਟੀ.ਵੀ. ਪਟਿਆਲਾ, ਹਰਮਨ ਰੇਡੀਉ ਤੋਂ ਇਲਾਵਾ ਅਖ਼ਬਾਰਾਂ ਵਿਚ ਵੀ ਗਿਆਨੀ ਜੀ ਦੀਆਂ ਸਰਗਰਮੀਆਂ ਨੂੰ ਢੁਕਵਾਂ ਸਥਾਨ ਦਿਤਾ ਗਿਆ।ਉਹਨਾਂ ਦੀ ਕਿਤਾਬ ‘ਜੋ ਵੇਖਿਆ ਸੋ ਆਖਿਆ’ ਦੀ ਦੂਜੀ ਐਡੀਸ਼ਨ ਨੂੰ, ਭਾਸ਼ਾ ਵਿਭਾਗ ਪੰਜਾਬ ਅੰਮ੍ਰਿਤਸਰ ਵੱਲੋਂ, ਵਿਰਸਾ ਵਿਹਾਰ ਵਿਚ ਗਿਆਨੀ ਜੀ ਨਾਲ਼ ਰੱਖੇ ਗਏ ਰੂਬਰੂ ਸਮਾਗਮ ਸਮੇ, ਰੀਲੀਜ਼ ਕਰਨ ਦੇ ਨਾਲ਼ ਨਾਲ਼ ਗਿਆਨੀ ਜੀ ਦਾ ਸਨਮਾਨ ਕੀਤਾ ਗਿਆ। ਇਹ ਕਿਤਾਬ ਵੀ ਆਪਣੀਆਂ ਪਹਿਲੀਆਂ ਕਿਤਾਬਾਂ ਵਾਂਗ ਹੀ ਪੰਜਾਬੀ ਪ੍ਰੇਮੀਆਂ, ਪਾਠਕਾਂ, ਸੰਪਾਦਕਾਂ ਨੂੰ ਤੋਹਫ਼ੇ ਦੇ ਤੋਰ ਤੇ ਭੇਟਾ ਕੀਤੀ ਗਈ। ਇਸ ਸਮਾਰੋਹ ਵਿਚ ਅੰਮ੍ਰਿਤਸਰ ਜ਼ਿਲੇ ਦੇ ਚੋਣਵੇਂ ਸਾਹਿਤਕਾਰਾਂ ਅਤੇ ਸਾਹਿਤਕ ਰਿਸਾਲਿਆਂ ਦੇ ਸੰਪਾਦਕਾਂ ਨੇ ਸ਼ਾਮਲ ਹੋ ਕੇ ਗਿਆਨੀ ਜੀ ਦੀ ਹੌਸਲਾ ਅਫ਼ਜ਼ਾਈ ਕੀਤੀ
‘
ਸਾਹਿਤ ਸੰਗਮ’ ਜ਼ੀਰਕਪੁਰ ਵੱਲੋਂ, ਪ੍ਰੋ ਫੂਲ ਚੰਦ ਮਾਨਵ ਜੀ ਦੇ ਉਦਮ ਨਾਲ਼, ਕੰਫ਼ਰਟ ਬੈਂਕੁਇਟ ਹਾਲ਼ ਵਿਖੇ ਗਿਆਨੀ ਦੀ ਆਮਦ ਉਪਰ, ਇਕ ਸ਼ਾਮ ਨੂੰ ਸਫ਼ਲ ਸਨਮਾਨ ਸਮਾਰੋਹ ਕੀਤਾ ਗਿਆ ਜੋ ਕਿ ਸਾਹਿਤਕ ਮਿਲਣੀ ਦਾ ਰੂਪ ਧਾਰ ਗਿਆ। ਇਸ ਵਿਚ ਗਿਅਨੀ ਜੀ ਨੂੰ, ਸਨਮਾਨ ਚਿੰਨ੍ਹ ਵਜੋਂ ਕੁਝ ਕਿਤਾਬਾਂ, ਮੋਮੈਂਟੋ ਅਤੇ ਲੋਈ ਨਾਲ਼ ਸਨਮਾਨਤ ਕੀਤਾ ਗਿਆ।