ਇਸਲਾਮਾਬਾਦ-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ਼ ਰਜ਼ਾ ਗਿਲਾਨੀ ਨੇ ਸੋਮਵਾਰ ਸਵੇਰੇ ਦੇਸ਼ ਨੂੰ ਸੰਬੋਧਿਤ ਕਰਦੇ ਹੋਏ ਚੀਫ਼ ਜਸਟਿਸ ਇਫਤਿਖਾਰ ਚੌਧਰੀ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਨਾਲ ਹੀ ਉਨ੍ਹਾਂ ਨੇ ਸਾਰੇ ਬਰਖਾਸਤ ਕੀਤੇ ਜਜਾਂ ਨੂੰ ਬਹਾਲ ਕਰਨ ਦਾ ਐਲਾਨ ਕੀਤਾ। ਇਸ ਐਲਾਨ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੇ ਇਸਲਾਮਾਬਾਦ ਵਿਖੇ ਕੀਤੀ ਜਾਣ ਵਾਲੀ ਲੌਂਗ ਮਾਰਚ ਨੂੰ ਖਤਮ ਕਰ ਦਿੱਤਾ।
ਪ੍ਰਧਾਨ ਮੰਤਰੀ ਗਿਲਾਨੀ ਨੇ ਕਿਹਾ ਕਿ ਮੌਜੂਦਾ ਚੀਫ਼ ਜਸਟਿਸ ਅਬਦੁਲ ਹਮੀਦ ਡੋਂਗਰ 21 ਮਾਰਚ ਨੂੰ ਰਿਟਾਇਰ ਹੋ ਰਹੇ ਹਨ ਅਤੇ ਉਨ੍ਹਾਂ ਦੀ ਥਾਂ ਬਰਖਾਸਤ ਚੀਫ਼ ਜਸਟਿਸ ਇਫਤਿਖਾਰ ਚੌਧਰੀ ਸੰਭਾਲਣਗੇ। ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਵਾਅਦਾ ਕੀਤਾ ਸੀ ਕਿ ਕਿਸੇ ਵੀ ਜੱਜ ਨੂੰ ਉਸਦੇ ਅਹੁਦੇ ਤੋਂ ਨਹੀਂ ਹਟਾਇਆ ਜਾਵੇਗਾ, ਇਸ ਕਰਕੇ ਇਫਤਿਖਾਰ ਚੌਧਰੀ ਨੂੰ ਅਬਦੁਲ ਹਮੀਦ ਡੋਂਗਰ ਦੇ ਅਹੁਦੇ ‘ਤੇ ਰਹਿੰਦਿਆਂ ਬਹਾਲ ਕਰਨ ਵਿਚ ਮੁਸ਼ਕਲ ਆ ਰਹੀ ਸੀ। ਗਿਲਾਨੀ ਦਾ ਕਹਿਣਾ ਸੀ ਕਿ ਹੁਣ ਚੀਫ਼ ਜਸਟਿਸ ਅਬਦੁਲ ਹਮੀਦ ਡੋਂਗਰ ਰਿਟਾਇਰ ਹੋ ਰਹੇ ਹਨ ਤਾਂ ਹੁਣ ਵਾਅਦਾ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਇਸ ਸਬੰਧੀ ਅਧਿਸੂਚਨਾ ਜਾਰੀ ਕੀਤੀ ਜਾ ਰਹੀ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਵਲੋਂ ਇਹ ਐਲਾਨ ਕੀਤੇ ਜਾਣ ਤੋਂ ਬਾਅਦ ਇਸਲਾਮਾਬਾਦ ਵਿਖੇ ਇਫ਼ਤਿਖਾਰ ਚੌਧਰੀ ਦੇ ਘਰ ‘ਤੇ ਉਨ੍ਹਾਂ ਦੇ ਹਿਮਾਇਤੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ।
ਜਿ਼ਕਰਯੋਗ ਹੈ ਕਿ ਪਰਵੇਜ਼ ਮੁਸ਼ਰੱਫ਼ ਨੇ ਆਪਣੇ ਸ਼ਾਸਨਕਾਲ ਦੌਰਾਨ ਚੀਫ਼ ਜਸਟਿਸ ਇਫਤਿਖਾਰ ਚੌਧਰੀ ਸਮੇਤ 60 ਹੋਰ ਜੱਜਾਂ ਨੂੰ ਬਰਖਾਸਤ ਕਰ ਦਿੱਤਾ ਸੀ ਜਿਨ੍ਹਾਂ ਚੋਂ ਕੁਝ ਹੀ ਜੱਜਾਂ ਨੂੰ ਬਹਾਲ ਕੀਤਾ ਗਿਆ ਸੀ। ਉਨ੍ਹਾਂ ਨੇ ਲੌਂਗ ਮਾਰਚ ਦੌਰਾਨ ਗ੍ਰਿਫਤਾਰ ਲੋਕਾਂ ਨੂੰ ਰਿਹਾਅ ਕਰਨ ਦਾ ਵੀ ਐਲਾਨ ਕੀਤਾ। ਸਾਬਕਾ ਪ੍ਰਧਾਨ ਮੰਤਰੀ ਅਤੇ ਮੁਸਲਿਮ ਲੀਗ (ਨਵਾਜ) ਦੇ ਮੁਖੀ ਨਵਾਜ਼ ਸਰੀਫ਼ ਦੀ ਇਹ ਮੁੱਖ ਮੰਗ ਰਹੀ ਹੈ। ਪਾਕਿਸਤਾਨ ਦੇ ਪ੍ਰਧਾਂਨ ਮੰਤਰੀ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਅਤੇ ਉਨ੍ਹਾਂ ਦੇ ਭਰਾ ਸ਼ਾਹਬਾਜ਼ ਸ਼ਰੀਫ਼ ਦੇ ਖਿਲਾਫ਼ ਸੁਪਰੀਮ ਕੋਰਟ ਵਿਚ ਉਸ ਫੈ਼ਸਲੇ ਦੀ ਸਮੀਖਿਆ ਲਈ ਅਪੀਲ ਕੀਤੀ ਜਾਵੇਗੀ ਜਿਸ ਵਿਚ ਉਨ੍ਹਾਂ ਦੇ ਕਿਸੇ ਵਿਚ ਚੁਣੇ ਹੋਏ ਅਹੁਦੇ ‘ਤੇ ਕੰਮ ਕਰਨ ਲਈ ਰੋਕ ਲਾ ਦਿੱਤੀ ਗਈ ਸੀ। ਗਿਲਾਨੀ ਨੇ ਨਵਾਜ਼ ਸ਼ਰੀਫ਼ ਨੂੰ ਅੰਦੋਲਨ ਖਤਮ ਕਰਨ ਅਤੇ ਚਾਰਟਰ ਆਫ਼ ਡੈਮੋਕ੍ਰੇਸੀ ‘ਤੇ ਰਲਕੇ ਕੰਮ ਕਰਨ ਦੀ ਅਪੀਲ ਕੀਤੀ ਸੀ।
ਜਿ਼ਕਰਯੋਗ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਅਤੇ ਨਵਾਜ਼ ਸ਼ਰੀਫਖ ਨੇ ਸਾਲ 2006 ਵਿਚ ਇਸ ਚਾਰਟਰ ‘ਤੇ ਦਸਤਖਤ ਕੀਤੇ ਸਨ। ਦੋਵੇਂ ਲੀਡਰਾਂ ਨੇ ਇਹ ਵਾਅਦਾ ਕੀਤਾ ਸੀ ਕਿ ਦੇਸ਼ ਵਿਚ ਲੋਕਤੰਤਰ ਦੀ ਬਹਾਲੀ ਕੀਤੀ ਜਾਵੇਗੀ, ਟਕਰਾਅ ਤੋਂ ਬਚਣ ਦੀ ਕੋਸਿ਼ਸ਼ ਹੋਵੇਗੀ ਅਤੇ ਸਿਆਸਤ ਵਿਚ ਫੌਜਾਂ ਦੀ ਭੂਮਿਕਾ ਨੂੰ ਖਤਮ ਕੀਤਾ ਜਾਵੇਗਾ।
ਬਰਖਾਸਤ ਚੀਫ਼ ਜਸਟਿਸ ਹੋਵਗਾ ਬਹਾਲ
This entry was posted in ਅੰਤਰਰਾਸ਼ਟਰੀ.