ਹਿਸਾਰ- ਜੇਲ੍ਹਾਂ ਵਿੱਚ ਸੈਲ ਫ਼ੋਨ ਅਤੇ ਨਸ਼ੇ ਪੱਤੇ ਤਾਂ ਆਮ ਤੌਰ ਤੇ ਬਾਹਰੋਂ ਪਹੁੰਚਦੇ ਹੀ ਸਨ ਪਰ ਹੁਣ ਤਾਂ ਜੇਲ੍ਹ ਅੰਦਰ ਕੈਦੀਆਂ ਦੇ ਹੌਂਸਲੇ ਏਨੇ ਵੱਧ ਗਏ ਹਨ ਕਿ ਜੇਲ੍ਹ ਦੇ ਅੰਦਰ ਸ਼ਰਾਬ ਦੀ ਭੱਠੀ ਵੀ ਲਗ ਗਈ। ਮੰਗਲਵਾਰ ਨੂੰ ਇੱਥੋਂ ਦੀ ਸੈਂਟਰਲ ਜੇਲ੍ਹ ਦੀ ਬੈਰਕ ਨੰਬਰ ਤਿੰਨ ਵਿੱਚੋਂ ਸ਼ਰਾਬ ਦੀ ਭੱਠੀ ਚਾਲੂ ਹਾਲਤ ਵਿੱਚ ਮਿਲੀ ਹੈ।
ਜੇਲ੍ਹ ਦੀ ਬੈਰਕ ਵਿੱਚ ਕੈਦੀ ਸ਼ਰਾਬ ਬਣਾ ਰਹੇ ਸਨ। ਉਨ੍ਹਾਂ ਨੇ ਡੇਢ ਬੋਤਲ ਸ਼ਰਾਬ ਬਣਾ ਲਈ ਸੀ ਅਤੇ ਬਾਕੀ ਦੀ ਸ਼ਰਾਬ ਭੱਠੀ ਤੇ ਬਣ ਰਹੀ ਸੀ। ਜੇਲ੍ਹ ਕਰਮਚਾਰੀਆਂ ਨੇ ਛਾਪਾ ਮਾਰ ਕੇ ਭੱਠੀ ਫੜੀ। ਸ਼ਰਾਬ ਬਣਾਉਣ ਦੇ ਅਰੋਪ ਵਿੱਚ ਚਾਰ ਕੈਦੀਆਂ ਦੇ ਖਿਲਾਫ਼ ਕੇਸ ਦਰਜ਼ ਕੀਤਾ ਹੈ। ਜਿਸ ਬੈਰਕ ਵਿੱਚ ਭੱਠੀ ਬਲ ਰਹੀ ਸੀ, ਉਥੇ 30 ਦੇ ਕਰੀਬ ਲੋਕ ਬੰਦ ਸਨ। ਸੋਮਵਾਰ ਦੀ ਰਾਤ ਨੂੰ ਅਸਿਸਟੈਂਟ ਡਿਪਟੀ ਸੁਪਰੀਟੈਂਡੈਂਟ ਨੇ ਗਸ਼ਤ ਕਰਦੇ ਸਮੇਂ ਬੈਰਕ ਵਿੱਚ ਹੱਲਚੱਲ ਵੇਖੀ ਤਾਂ ੳਸਨੇ ਅੰਦਰ ਜਾ ਕੇ ਵੇਖਿਆ ਤਾਂ ਉਹ ਦੰਗ ਰਹਿ ਗਿਆ।ਭੱਠੀ ਵਿੱਚ ਅੱਗ ਬੱਲ ਰਹੀ ਸੀ ਅਤੇ ਕੈਦੀ ਬੜੇ ਅਰਾਮ ਨਾਲ ਟੀਨ ਦੇ ਪੀਪੇ ਵਿੱਚ ਸ਼ਰਾਬ ਬਣਾ ਰਹੇ ਸਨ। ਇਸ ਤੋਂ ਬਾਅਦ ਜੇਲ੍ਹ ਅਧਿਕਾਰੀ ਬੈਰਕ ਵਿੱਚ ਆਏ ਤੇ ਸਾਰੇ ਕੈਦੀਆਂ ਨੂੰ ਬਾਹਰ ਕੱਢ ਕੇ ਬੈਰਕ ਦੀ ਤਲਾਸ਼ੀ ਲੈ ਕੇ ਸਾਰਾ ਸਮਾਨ ਜ਼ਬਤ ਕੀਤਾ।
ਜੇਲ੍ਹ ਦੀ ਕੈਨਟੀਨ ਵਿੱਚ ਸ਼ਕਰ ਆਮ ਮਿਲ ਜਾਂਦੀ ਹੈ। ਕੈਦੀਆਂ ਨੇ ਤਿੰਨ ਕਿਲੋ ਸ਼ਕਰ ਖ੍ਰੀਦੀ ਅਤੇ ਅਤੇ ਕੁਝ ਗੁੜ ਵੀ ਪ੍ਰਾਪਤ ਕਰ ਲਿਆ। ਬੈਰਕ ਵਿੱਚ ਸਰਦੀਆਂ ਤੋਂ ਬੱਚਣ ਲਈ ਚੁੱਲ੍ਹੇ ਬਣੇ ਹੋਏ ਹਨ। ਕੂੜਾ ਵਗੈਰਾ ਪਾਉਣ ਲਈ ਟੀਨ ਦੇ ਪੀਪੇ ਵੀ ਇਸਤੇਮਾਲ ਕੀਤੇ ਜਾਂਦੇ ਹਨ।ਇਸ ਲਈ ਸਮਾਨ ਇੱਕਠਾ ਕਰਨ ਵਿੱਚ ਉਨ੍ਹਾਂ ਨੂੰ ਕੋਈ ਦਿਕਤ ਨਹੀਂ ਆਈ। ਸੱਭ ਕੁਝ ਜੇਲ੍ਹ ਵਿੱਚੋਂ ਹੀ ਮਿਲ ਗਿਆ। ਉਹ ਇਸ ਸਮਾਨ ਨਾਲ ਪੰਦਰਾਂ ਤੋਂ ਵੀਹ ਲਿਟਰ ਸ਼ਰਾਬ ਬਣਾਉਣਾ ਚਾਹੁੰਦੇ ਸਨ।