ਮੁੰਬਈ- ਕੁਸ਼ਤੀਆਂ ਦੇ ਸਮਰਾਟ ਅਤੇ ਐਕਟਿੰਗ ਦੇ ਖੇਤਰ ਵਿੱਚ ਲੋਹਾ ਮਨਵਾਉਣ ਵਾਲੇ ਦਾਰਾ ਸਿੰਘ ਦਾ ਵੀਰਵਾਰ ਨੂੰ ਮੁੰਬਈ ਦੇ ਵਿਲੈ ਪਾਰਲੇ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ।ਅੰਤਿਮ ਦਰਸ਼ਨ ਕਰਨ ਲਈ ਹਜ਼ਾਰਾਂ ਦੀ ਗਿਣਤੀ ਵਿੱਚ ਫੈਨਜ਼ ਰੁਸਤਮੇ-ਏ-ਹਿੰਦ ਨੂੰ ਆਖਰੀ ਵਿਦਾਇਗੀ ਦੇਣ ਲਈ ਪਵਨਹੰਸ ਸ਼ਮਸ਼ਾਨ ਭੂਮੀ ਪਹੁੰਚੇ। ਕੁਝ ਬਾਲੀਵੁੱਡ ਹਸਤੀਆਂ ਅਤੇ ਪਰੀਵਾਰਿਕ ਸਬੰਧੀ ਵੀ ਦਾਰਾ ਸਿੰਘ ਨੂੰ ਸ਼ਰਧਾਂਜਲੀ ਦੇਣ ਪਹੁੰਚੇ। ਦਾਰਾ ਸਿੰਘ ਦੇ ਦੇਹ ਨੂੰ ਫੁੱਲਾਂ ਨਾਲ ਸਜੇ ਇੱਕ ਟਰੱਕ ਵਿੱਚ ਉਨ੍ਹਾਂ ਦੇ ਘਰ ‘ਦਾਰਾ ਵਿਲਾ’ ਤੋਂ ਪਵਨ ਹੰਸ ਸ਼ਮਸ਼ਾਨ ਭੂਮੀ ਵਿੱਚ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਪੁੱਤਰਾਂ ਵੱਲੋਂ ਅਗਨੀ ਦੇ ਕੇ ਦਾਹ ਸੰਸਕਾਰ ਕੀਤਾ ਗਿਆ।
ਦਾਰਾ ਸਿੰਘ ਦੇ ਪਰੀਵਾਰਿਕ ਰਿਸ਼ਤੇਦਾਰਾਂ ਤੋਂ ਇਲਾਵਾ ਰਿਸ਼ੀ ਕਪੂਰ,ਫਰਦੀਨ ਖਾਨ, ਸਾਜਿਦ ਖਾਨ, ਪਰਮੀਤ ਸੇਠੀ,ਜਸਪਾਲ ਭੱਟੀ, ਅਨੂਪ ਸੋਨੀ, ਰਜ਼ਾ ਮੁਰਾਦ ਅਤੇ ਹੋਰ ਫਿਲ਼ਮੀ ਹਸਤੀਆਂ ਵੀ ਮੌਜੂਦ ਸਨ।ਕਾਂਗਰਸ ਨੇਤਾ ਕਿਰਪਾ ਸ਼ੰਕਰ ਨੇ ਕਿਹਾ ਕਿ ਉਹ ਸੋਨੀਆ ਗਾਂਧੀ, ਮਹਾਂਰਾਸ਼ਟਰ ਦੇ ਮੁੱਖਮੰਤਰੀ ਅਤੇ ਕਾਂਗਰਸ ਪਾਰਟੀ ਵੱਲੋਂ ਸ਼ਰਧਾਂਜਲੀ ਦੇਣ ਲਈ ਆਏ ਹਨ।
ਜਿਕਰਯੋਗ ਹੈ ਕਿ ਪਹਿਲਵਾਨ ਅਤੇ ਫਿਲਮ ਅਭਿਨੇਤਾ ਦਾਰਾ ਸਿੰਘ ਪਿੱਛਲੇ ਕੁਝ ਦਿਨਾਂ ਤੋਂ ਬਰੇਨ ਹੈਮਰੇਜ਼ ਦੀ ਬਿਮਾਰੀ ਨਾਲ ਜੂਝਣ ਤੋਂ ਬਾਅਦ ਆਖਿਰ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਏ ਸਨ। ਉਨ੍ਹਾਂ ਨੇ ਵੀਰਵਾਰ ਸਵੇਰੇ 7.30 ਵਜੇ ਆਪਣੇ ਆਖਰੀ ਸਵਾਸ ਪੂਰੇ ਕੀਤੇ। ਡਾਕਟਰਾਂ ਨੇ ਬੁੱਧਵਾਰ ਨੂੰ ਹੀ ਆਪਣੀ ਬੇਬਸੀ ਜਾਹਿਰ ਕਰਦੇ ਹੋਏ ਕਹਿ ਦਿੱਤਾ ਸੀ ਕਿ ਕੋਈ ਚਮਤਕਾਰ ਹੀ ਦਾਰਾ ਸਿੰਘ ਦੀ ਸਿਹਤ ਵਿੱਚ ਸੁਧਾਰ ਲਿਆ ਸਕਦਾ ਹੈ, ਪਰ ਅਜਿਹਾ ਨਹੀਂ ਹੋਇਆ।
ਉਨ੍ਹਾਂ ਦੇ ਪਰੀਵਾਰਿਕ ਮੈਂਬਰ ਬੁੱਧਵਾਰ ਸ਼ਾਮ ਨੂੰ ਹੀ ਦਾਰਾ ਸਿੰਘ ਨੂੰ ਹਸਪਤਾਲ ਤੋਂ ਘਰ ਲੈ ਗਏ ਸਨ ਤਾਂ ਜੋ ਉਹ ਆਪਣੀ ਜਿੰਦਗੀ ਦੇ ਆਖਰੀ ਪਲ ਆਪਣੇ ਪਰੀਵਾਰ ਵਿੱਚ ਗੁਜ਼ਾਰ ਸਕਣ।84 ਸਾਲਾ ਦਾਰਾ ਸਿੰਘ ਨੂੰ ਕਾਫ਼ੀ ਗੰਭੀਰ ਹਾਲਤ ਵਿੱਚ 7 ਜੁਲਾਈ ਨੂੰ ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਡਾਕਟਰਾਂ ਦੀਆਂ ਲੱਖ ਕੋਸਿਸ਼ਾਂ ਦੇ ਬਾਵਜੂਦ ਵੀ ਊਨ੍ਹਾਂ ਦੀ ਸਿਹਤ ਵਿੱਚ ਕੋਈ ਸੁਧਾਰ ਨਹੀਂ ਸੀ ਹੋਇਆ।ਉਨ੍ਹਾਂ ਦੇ ਦਿੱਲ, ਦਿਮਾਗ, ਗੁਰਦੇ ਅਤੇ ਸਰੀਰ ਦੇ ਬਾਕੀ ਅੰਗਾਂ ਨੇ ਪਹਿਲਾਂ ਹੀ ਕੰਮ ਕਰਨਾ ਬੰਦ ਕਰ ਦਿੱਤਾ ਸੀ।
ਦਾਰਾ ਸਿੰਘ ਦਾ ਜਨਮ 19 ਨਵੰਬਰ 1928 ਵਿੱਚ ਅੰਮ੍ਰਿਤਸਰ ਜਿਲ੍ਹੇ ਦੇ ਧਰਮੂਚੱਕ ਪਿੰਡ ਵਿੱਚ ਹੋਇਆ। ਉਹ ਬੱਚਪਨ ਤੋਂ ਹੀ ਉਚਾ ਲੰਬਾ ਅਤੇ ਖੁਲ੍ਹੇ ਹੱਡਾਂ ਪੈਰਾਂ ਦੇ ਜੁਸੇ ਵਾਲੇ ਸਨ। ਸ਼ੁਰੂ ਤੋਂ ਹੀ ਊਸ ਨੂੰ ਕੁਸ਼ਤੀ ਲੜਨ ਦਾ ਸ਼ੌਂਕ ਸੀ।ਉਨ੍ਹਾਂ ਦੇ ਪਿਤਾ ਸੂਰਤ ਸਿੰਘ ਅਤੇ ਮਾਤਾ ਬਲਵੰਤ ਕੌਰ ਨੇ ਆਪਣੇ ਪੁੱਤਰ ਦੇ ਪਹਿਲਵਾਨੀ ਦੇ ਸ਼ੌਂਕ ਨੂੰ ਪੂਰਿਆਂ ਕਰਨ ਲਈ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਉਨ੍ਹਾਂ ਦੀ ਮਾਤਾ ਜੀ ਮੱਝ ਦੇ ਦੁੱਧ ਦੇ ਨਾਲ ਬਦਾਮਾਂ ਦੀਆਂ ਗਿਰੀਆਂ, ਮੱਖਣ ਅਤੇ ਖੰਡ ਵਿੱਚ ਕੁੱਟ ਕੇ ਖਵਾੳਂੁਦੀ ਹੁੰਦੀ ਸੀ। 1947 ਵਿੱਚ ਦਾਰਾ ਸਿੰਘ ਸਿੰਘਾਪੁਰ ਵਿੱਚ ਤਰਲੋਕ ਸਿੰਘ ਨੂੰ ਹਰਾ ਕੇ ਚੈਂਪੀਅਨ ਬਣਿਆ। ਕੁਝ ਸਾਲਾਂ ਬਾਅਦ ਏਸ਼ੀਆ ਦੀ ਯਾਤਰਾ ਕਰਕੇ ਭਾਰਤ ਵਾਪਿਸ ਆ ਕੇ ਦਾਰਾ ਸਿੰਘ ਨੇ 1954 ਵਿੱਚ ਇੰਡੀਅਨ ਚੈਂਪੀਅਨ ਦਾ ਖਿਤਾਬ ਹਾਸਿਲ ਕੀਤਾ। ਅੰਤਰਰਾਸ਼ਟਰੀ ਪੱਧਰ ਤੇ ਵੀ ਉਨ੍ਹਾਂ ਨੂੰ ਚੰਗੀ ਪਛਾਣ ਮਿਲੀ ਅਤੇ 1959 ਵਿੱਚ ਉਹ ਕਾਮਨਵੈਲਥ ਚੈਂਪੀਅਨ ਬਣੇ।1978 ਵਿੱਚ ਦਾਰਾ ਸਿੰਘ ਨੂੰ ਰੁਸਤਮੇਂ–ਏ-ਹਿੰਦ ਦੇ ਖਿਤਾਬ ਨਾਲ ਨਿਵਾਜਿਆ ਗਿਆ।
ਪਹਿਲਵਾਨੀ ਦੇ ਨਾਲ-ਨਾਲ ਦਾਰਾ ਸਿੰਘ ਨੇ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਵੀ ਲਾਜਵਾਬ ਕੰਮ ਕੀਤਾ। ‘ਰਮਾਇਣ’ ਸੀਰੀਅਲ ਵਿੱਚ ਉਨ੍ਹਾਂ ਨੇ ਹਨੂੰਮਾਨ ਦਾ ਰੋਲ ਅਦਾ ਕਰਨ ਸਬੰਧੀ ਰਾਮਾਨੰਦ ਸਾਗਰ ਨੇ ਕਿਹਾ ਸੀ ਕਿ ਹਨੂੰਮਾਨ ਦੇ ਰੋਲ ਲਈ ਕਿਸੇ ਹੋਰ ਕਲਾਕਾਰ ਬਾਰੇ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ। ਦਾਰਾ ਸਿੰਘ ਨੇ ਬਹੁਤ ਸਾਰੀਆਂ ਹਿੰਦੀ ਅਤੇ ਪੰਜਾਬੀ ਫਿਲਮਾਂ ਵਿੱਚ ਯਾਦਗਾਰੀ ਰੋਲ ਨਿਭਾਏ।ਉਨ੍ਹਾਂ ਨੇ ਹੀਰੋਇਨ ਮੁਮਤਾਜ ਨਾਲ 16 ਫਿਲਮਾਂ ਵਿੱਚ ਕੰਮ ਕੀਤਾ। ਉਹ ਰਾਜਸੱਭਾ ਮੈਂਬਰ ਵੀ ਰਹਿ ਚੁੱਕੇ ਹਨ।ਉਨ੍ਹਾਂ ਦੀ ਪਹਿਲੀ ਫਿਲਮ ਸੀ ‘ਸੰਗਿਦਲ’ ਅਤੇ ਆਖਰੀ ਫਿਲਮ ਸੀ ‘ਜਬ ਵੂਈ ਮਿਟ’।