ਚੰਡੀਗੜ੍ਹ- ਗ੍ਰਹਿਮੰਤਰੀ ਪੀ. ਚਿੰਦਬਰਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘ਪੰਜਾਬ ਵਿੱਚ ਅੱਤਵਾਦ ਖਤਮ ਹੋ ਗਿਆ ਹੈ ਇਹ ਮੰਨ ਲੈਣਾ ਠੀਕ ਨਹੀਂ ਹੈ। ਇਹ ਸਹੀ ਹੈ ਕਿ ਪਿੱਛਲੇ ਲੰਬੇ ਸਮੇਂ ਤੋਂ ਰਾਜ ਵਿੱਚ ਕੋਈ ਅੱਤਵਾਦੀ ਘਟਨਾ ਨਹੀਂ ਹੋਈ, ਪਰ ਜਿੰਨੇ ਵੀ ਸ਼ਕੀ ਲੋਕਾਂ ਨੂੰ ਫੜਿਆ ਗਿਆ ਹੈ। ਉਨ੍ਹਾਂ ਤੋਂ ਇਹੀ ਪਤਾ ਲਗਦਾ ਹੈ ਕਿ ਰਾਜ ਵਿੱਚ ਅੱਤਵਾਦ ਨੂੰ ਦੁਬਾਰਾ ਜਿੰਦਾ ਕਰਨ ਲਈ ਕਈ ਲੋਕ ਸਰਗਰਮ ਹਨ। ਉਨ੍ਹਾਂ ਨੇ ਕਿਹਾ ਕਿ ਅੰਬਾਲਾ ਤੋਂ ਬੱਬਰ ਖਾਲਸਾ ਦੇ ਖਾੜਕੂਆਂ ਕੋਲੋਂ ਪਿੱਛਲੇ ਸਾਲ 5.2 ਕਿਲੋ ਆਰਡੀਐਕਸ ਮਿਲਣਾ ਇਸ ਗੱਲ ਦਾ ਸਬੂਤ ਹੈ ਕਿ ਕੁਝ ਲੋਕ ਸੂਬੇ ਵਿੱਚ ਫਿਰ ਤੋਂ ਅਸ਼ਾਂਤੀ ਫੈਲਾਉਣਾ ਚਾਹੁੰਦੇ ਹਨ।
ਮੁੱਖਮੰਤਰੀ ਪਰਕਾਸ਼ ਸਿੰਘ ਬਾਦਲ ਨੇ ਮੀਟਿੰਗ ਵਿੱਚ ਚੰਡੀਗੜ੍ਹ ਦਾ ਮੁੱਦਾ ਵੀ ਉਠਾਇਆ। ਚਿੰਦਬਰਮ ਨੇ ਇਸ ਦੇ ਜਵਾਬ ਵਿੱਚ ਕਿਹਾ ਕਿ ਜੇ ਪੰਜਾਬ ਅਤੇ ਹਰਿਆਣਾ ਆਪਸ ਵਿੱਚ ਇਸ ਗੱਲ ਤੇ ਸਹਿਮੱਤ ਹੋ ਜਾਂਦੇ ਹਨ ਤਾਂ ਚੰਡੀਗੜ੍ਹ ਕਿਸੇ ਇੱਕ ਰਾਜ ਨੂੰ ਸੌਂਪਣ ਵਿੱਚ ਸਾਨੂੰ ਕੋਈ ਦਿਕਤ ਨਹੀਂ ਹੋਵੇਗੀ। ਹਰਿਆਣਾ ਦੇ ਮੁੱਖਮੰਤਰੀ ਹੁੱਡਾ ਨੇ ਕਿਹਾ ਕਿ ਇਹ ਫੋਰਮ ਅਜਿਹੇ ਮੁੱਦੇ ਉਠਾਉਣ ਲਈ ਨਹੀਂ ਹੈ।ਗ੍ਰਹਿਮੰਤਰੀ ਨੇ ਇਹ ਵੀ ਕਿਹਾ ਕਿ ਅਪਰੇਸ਼ਨ ਬਲੂ ਸਟਾਰ ਮੈਮੋਰੀਅਲ ਅਤੇ ਬਲਵੰਤ ਸਿੰਘ ਰਾਜੋਆਣਾ ਮਾਮਲੇ ਵਿੱਚ ਪੰਜਾਬ ਵਿੱਚ ਪੈਦਾ ਹੋਏ ਹਾਲਾਤ ਤੇ ਕੇਂਦਰ ਨਜ਼ਰ ਰੱਖ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਸਾਲ ਦੇਸ਼ਭਰ ਵਿੱਚ ਅੱਤਵਾਦੀ ਘਟਨਾਵਾਂ ਵਿੱਚ ਕਮੀ ਆਈ ਹੈ।ਜੰਮੂਕਸ਼ਮੀਰ ਵਿੱਚ ਹਾਲਾਤ ਠੀਕ ਹੋਣ ਕਰਕੇ ਟੂਰਿਸਟਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਹੈ।