ਨਵੀਂ ਦਿੱਲੀ- ਕੇਂਦਰ ਵਿੱਚ ਹੁਕਮਰਾਨ ਯੂਪੀਏ ਨੇ ਮੌਜੂਦਾ ਉਪਰਾਸ਼ਟਰਪਤੀ ਹਾਮਿਦ ਅੰਸਾਰੀ ਨੂੰ ਦੁਬਾਰਾ ਉਪ ਰਾਸ਼ਟਰਪਤੀ ਪਦ ਲਈ ਉਮੀਦਵਾਰ ਬਣਾਏ ਜਾਣ ਦਾ ਐਲਾਨ ਕਰ ਦਿੱਤਾ ਹੈ। ਪ੍ਰਧਾਨਮੰਤਰੀ ਮਨਮੋਹਨ ਸਿੰਘ ਦੇ ਨਿਵਾਸ ਤੇ ਹੋਈ ਯੂਪੀਏ ਦੀ ਬੈਠਕ ਤੋਂ ਬਾਅਦ ਸੋਨੀਆ ਗਾਂਧੀ ਨੇ ਇਸ ਦੀ ਘੋਸ਼ਣਾ ਕੀਤੀ।
75 ਸਾਲਾ ਉਪ ਰਾਸ਼ਟਰਪਤੀ ਅੰਸਾਰੀ ਦਾ ਪਹਿਲਾ ਕਾਰਜਕਾਲ ਪੂਰਾ ਹੋਣ ਹੀ ਵਾਲਾ ਹੈ। ਅਗਰ ਉਹ ਚੋਣ ਜਿੱਤ ਜਾਂਦੇ ਹਨ ਤਾਂ ਉਹ ਰਾਧਾਕ੍ਰਿਸ਼ਨ ਤੋਂ ਬਾਅਦ ਦੂਸਰੇ ਉਪ ਰਾਸ਼ਟਰਪਤੀ ਹੋਣਗੇ ਜੋ ਦੂਸਰੀ ਵਾਰ ਉਪ ਰਾਸ਼ਟਰਪਤੀ ਬਣਨਗੇ।ਸੋਨੀਆ ਗਾਂਧੀ ਨੇ ਉਨ੍ਹਾਂ ਦੇ ਨਾਂ ਦਾ ਐਲਾਨ ਕਰਦੇ ਹੋਏ ਕਿਹਾ, ‘ ਹਾਮਿਦ ਅੰਸਾਰੀ ਨੂੰ ਦੂਸਰੀ ਵਾਰ ਉਪ ਰਾਸ਼ਟਰਪਤੀ ਪਦ ਲਈ ਆਪਣਾ ਉਮੀਦਵਾਰ ਐਲਾਨਦੇ ਹੋਏ ਯੂਪੀਏ ਮਾਣ ਮਹਿਸੂਸ ਕਰ ਰਹੀ ਹੈ।’ ਅੰਸਾਰੀ ਅਨੁਭਵੀ ਰਾਜਨੀਤਕ ਹੋਣ ਤੋਂ ਇਲਾਵਾ ਰਾਸਟਰੀ ਘੱਟ ਗਿਣਤੀ ਕਮਿਸ਼ਨ ਦੇ ਪ੍ਰਧਾਨ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਿਸਟੀ ਦੇ ਵਾਈਸ ਚਾਂਸਲਰ ਵੀ ਰਹਿ ਚੁੱਕੇ ਹਨ।
ਰਾਸ਼ਟਰਪਤੀ ਚੋਣ ਵਿੱਚ ਯੂਪੀਏ ਦਾ ਸਮਰਥਣ ਕਰ ਰਹੀ ਸਮਾਜਵਾਦੀ ਪਾਰਟੀ ਅਤੇ ਬਸਪਾ ਦਾ ਸਮਰਥਣ ਵੀ ਅੰਸਾਰੀ ਨੂੰ ਮਿਲ ਜਾਵੇਗਾ। ਤ੍ਰਿਣਮੂਲ ਕਾਂਗਰਸ ਦੇ ਰੇਲਮੰਤਰੀ ਮੁਕੁਲ ਰਾਇ ਵੀ ਇਸ ਬੈਠਕ ਵਿੱਚ ਸ਼ਾਮਿਲ ਹੋਏ ਸਨ।ਉਨ੍ਹਾਂ ਨੇ ਆਪਣੀ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਲਈ ਦੋ ਨਾਂਵਾਂ ਦੇ ਪ੍ਰਸਤਾਵ ਰੱਖੇ ਸਨ। ਪਾਰਟੀ ਪ੍ਰਧਾਨ ਮਮਤਾ ਬੈਨਰਜੀ ਪਹਿਲਾਂ ਹੀ ਰਾਸ਼ਟਰਪਤੀ ਦੀ ਉਮੀਦਵਾਰੀ ਨੂੰ ਲੈ ਕੇ ਯੂਪੀਏ ਦੇ ਖਿਲਾਫ਼ ਬਿਆਨਬਾਜ਼ੀ ਕਰ ਰਹੀ ਹੈ।