ਫਤਹਿਗੜ੍ਹ ਸਾਹਿਬ – “ਕਿਸੇ ਸੂਬੇ ਵਿਚ ਵਹਿੰਦੇ ਦਰਿਆਵਾਂ ਅਤੇ ਨਹਿਰਾਂ ਆਦਿ ਦੇ ਪਾਣੀਆਂ ਦਾ ਅਧਿਕਾਰ ਉਸ ਸੰਬੰਧਿਤ ਸੂਬੇ ਦਾ ਹੁੰਦਾ ਹੈ, ਕਿਉਕਿ ਇਹ ਮੁੱਦਾ “ਸੂਬਾ ਸੂਚੀ” ਵਿਚ ਆਉਦਾ ਹੈ । ਫਿਰ ਕੌਮਾਂਤਰੀ ਰੀਪੇਰੀਅਨ ਕਾਨੂੰਨ ਵੀ ਇਹ ਹੱਕ ਸੰਬੰਧਿਤ ਸੂਬੇ ਨੂੰ ਦਿੰਦਾ ਹੈ । ਫਿਰ ਵੀ ਕੇਂਦਰੀ ਵਜ਼ੀਰ ਸ੍ਰੀ ਪਵਨ ਕੁਮਾਰ ਬਾਂਸਲ ਪੰਜਾਬ ਦੇ ਪਾਣੀਆਂ ਦੇ ਅਧਿਕਾਰ ਖੇਤਰ ਨੂੰ ਕੇਂਦਰ ਦੀ ਸੂਚੀ ਵਿਚ ਸਾਮਿਲ ਕਰਨ ਦਾ ਗੁੰਮਹਾਰਕੁੰਨ ਪ੍ਰਚਾਰ ਕਿਸ ਬਿਨ੍ਹਾਂ ਤੇ ਕਰ ਰਹੇ ਹਨ ? ਕੀ ਪੰਜਾਬ ਦੇ ਪਾਣੀਆਂ ਦੇ ਮੁੱਦੇ ਉਤੇ ਸੈਟਰ ਹਕੂਮਤ ਕੋਈ ਹੋਰ ਸਾਜਿਸ਼ ਤਾ ਨਹੀ ਰਚਣ ਜਾ ਰਹੀ ? ਸੈਂਟਰ ਕਾਨੂੰਨ ਜ਼ਰੂਰ ਬਣਾ ਸਕਦਾ ਹੈ ਪਰ ਸੂਬਾ ਸੂਚੀ ਦੇ ਵਿਚ ਦਰਜ ਅਧਿਕਾਰਾਂ ਨੂੰ ਕਤਈ ਨਹੀ ਖੋਹ ਸਕਦਾ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਤੇ ਦਿਨੀਂ ਚੰਡੀਗੜ੍ਹ ਵਿਖੇ ਹਿੰਦ ਦੇ ਗ੍ਰਹਿ ਵਜ਼ੀਰ ਸ੍ਰੀ ਪੀ. ਚਿੰਦਬਰਮ ਦੀ ਹਾਜ਼ਰੀ ਵਿਚ ਕੇਂਦਰੀ ਵਜ਼ੀਰ ਸ੍ਰੀ ਪਵਨ ਕੁਮਾਰ ਬਾਂਸਲ ਵੱਲੋਂ ਪੰਜਾਬ ਦੇ ਵਿਧਾਨਿਕ ਅਤੇ ਕਾਨੂੰਨੀ ਹੱਕਾ ਉਤੇ ਡਾਕਾ ਮਾਰਨ ਦੀਆਂ ਕੋਸ਼ਿਸਾਂ ਸੰਬੰਧੀ ਪ੍ਰੈਸ ਕਾਨਫਰੰਸ ਵਿਚ ਪ੍ਰਗਟਾਏ ਗਏ ਪੰਜਾਬ ਵਿਰੋਧੀ ਵਿਚਾਰਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਪਵਨ ਕੁਮਾਰ ਬਾਂਸਲ ਵੱਲੋਂ ਇਸ ਦਿਸਾ ਵੱਲ ਕੁਝ ਕਹਿਣਾ ਸੈਂਟਰ ਹਕੂਮਤ ਦੇ ਭਵਿੱਖਤ ਅਮਲ ਹੋਣ ਵੱਲ ਵੀ ਸਪੱਸਟ ਇਸਾਰਾ ਹੈ ਜਿਸ ਤੋ ਇਹ ਪ੍ਰਤੱਖ ਹੋ ਜਾਂਦਾ ਹੈ ਕਿ ਸੈਂਟਰ ਹਕੂਮਤ ਇਕ ਵਾਰੀ ਫਿਰ ਪੰਜਾਬ ਦੇ ਪਾਣੀਆਂ, ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਅਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਸੰਜੀਦਾਂ ਮੁੱਦਿਆਂ ਉਤੇ ਪੰਜਾਬ ਸੂਬੇ ਅਤੇ ਪੰਜਾਬੀਆਂ ਨਾਲ ਜ਼ਬਰ-ਜੁਲਮ ਕਰਨ ਦੀ ਤਿਆਰੀ ਕਰ ਰਹੀ ਹੈ । ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਸੈਂਟਰ ਦੀ ਇਸ ਸਾਜਿਸ਼ ਵਿਰੁੱਧ “ਕਪੂਰੀ ਮੋਰਚੇ” ਦੀ ਤਰ੍ਹਾਂ ਫੈਸਲਾਕੁੰਨ ਸਟੈਂਡ ਲੈਣ ਲਈ ਤਿਆਰ ਰਹਿਣਾ ਪਵੇਗਾ । ਤਾਂ ਕਿ ਹਿੰਦੂਤਵ ਤਾਕਤਾਂ ਆਪਣੇ ਮੰਦਭਾਵਨਾਂ ਭਰੇ ਮਨਸੂਬਿਆਂ ਵਿਚ ਕਾਮਯਾਬ ਨਾ ਹੋ ਸਕਣ ।
ਸ. ਮਾਨ ਨੇ ਕਿਹਾ ਕਿ ਅਸੀ ਬਹੁਤ ਪਹਿਲੇ ਹੀ ਸਮੁੱਚੇ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਖ਼ਬਰਦਾਰ ਕਰ ਚੁੱਕੇ ਹਾਂ ਕਿ ਨੰਗਲ ਖਾਦ ਫੈਕਟਰੀ ਦੇ ਕਿਸੇ ਗੁਪਤ ਸਥਾਨ ਤੇ ਜਾਂ ਸਤਲੁਜ ਦਰਿਆਂ ਦੇ ਕਿਸੇ ਪਹਾੜੀ ਕੰਢੇ ‘ਤੇ ਹਿੰਦ ਹਕੂਮਤ ਨੇ ਐਨਰਿੰਚਮੈਟ ਪਲਾਟ (Enrichment Plant) ਲਗਾਇਆ ਹੋਇਆ ਹੈ । ਜਿਥੇ ਪ੍ਰਮਾਣੂ ਹਥਿਆਰਾਂ ਵਿਚ ਵਰਤੋਂ ਆਉਣ ਵਾਲੀ ਖ਼ਤਰਨਾਕ ਯੂਰੇਨੀਅਮ ਧਾਤ ਤੋਂ ਪ੍ਰਮਾਣੂ ਹਥਿਆਰ ਬਣਾਏ ਜਾਂਦੇ ਹਨ । ਇਸ ਕਰਕੇ ਹੀ ਸਾਡੇ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਵਿਚ ਇਸ ਯੂਰੇਨੀਅਮ ਦੇ ਘੁੱਲ-ਮਿਲ ਜਾਣ ਕਾਰਨ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਸਣ ਵਾਲੇ ਨਾਗਰਿਕ ਵੱਡੀ ਗਿਣਤੀ ਵਿਚ ਕੈਂਸਰ, ਗਲਘੋਟੂ, ਜੋੜਾ ਦੇ ਦਰਦ, ਸਾਂਹ, ਆਦਿ ਦੀਆਂ ਜਾਨਲੇਵਾ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ । ਦੂਸਰਾ ਵੱਡੇ ਸ਼ਹਿਰਾਂ ਵਿਚ ਚੱਲ ਰਹੀਆ ਫੈਕਟਰੀਆਂ ਦੇ ਤੇਜ਼ਾਬੀ ਪਾਣੀ ਨੂੰ ਨਹਿਰਾਂ ਅਤੇ ਦਰਿਆਵਾਂ ਵਿਚ ਸੁੱਟਣ ਦੀ ਵਜ਼ਹ ਨਾਲ ਪੰਜਾਬ ਦੀ ਧਰਤੀ ਹੇਠਲਾ ਪਾਣੀ ਨਾ ਫਸਲਾਂ ਲਈ ਯੋਗ ਰਿਹਾ ਹੈ ਅਤੇ ਨਾ ਹੀ ਪੀਣ ਲਈ । ਲੇਕਿਨ ਅੱਜ ਹਿੰਦ ਦੇ ਸਾਇਸਦਾਨ ਅਤੇ ਸੈਂਟਰਲ ਅਫ਼ਸਰਸ਼ਾਹੀ ਖਾਦਾਂ ਦੀ ਵੱਧ ਵਰਤੋਂ ਹੋਣ ਨੂੰ ਬਹਾਨਾਂ ਬਣਾਕੇ ਜਿੰਮੀਦਾਰਾਂ ਨੂੰ ਦੋਸੀ ਠਹਿਰਾਕੇ, ਪੰਜਾਬੀਆਂ ਦੀ ਜਾਨਾਂ ਨਾਲ ਖਿਲਵਾੜ ਕਰਨ ਦੀ ਗੱਲ ਤੋ ਭੱਜਣ ਦੀ ਕੋਸ਼ਿਸ਼ ਕਰ ਰਹੇ ਹਨ । ਪੰਜਾਬ ਦੇ ਪਾਣੀਆਂ ਨੂੰ ਜ਼ਹਿਰੀਲਾਂ ਹੋਣ ਤੋ ਰੋਕਣ ਲਈ ਬਾਦਲ ਅਤੇ ਅਮਰਿੰਦਰ ਦੀਆਂ ਸਰਕਾਰਾਂ ਵੀ ਨਹੀ ਬਚ ਸਕਦੀਆਂ । ਜਿਨ੍ਹਾਂ ਨੇ ਆਪਣੇ ਵੋਟ ਬੈਂਕ ਦੀ ਖ਼ਾਤਿਰ ਫੈਕਟਰੀ ਵਾਲਿਆ ਨੂੰ ਗੰਧਲਾ ਪਾਣੀ ਨਹਿਰਾਂ ਵਿਚ ਸੁੱਟਣ ਅਤੇ ਹਿੰਦ ਦੇ ਐਨਰਿੰਚਮਿਟ ਪਲਾਟ ਦੇ ਖ਼ਤਰਨਾਕ ਨਤੀਜਿਆਂ ਨੂੰ ਰੋਕਣ ਦੀ ਜਿੰਮੇਵਾਰੀ ਨਹੀ ਨਿਭਾਈ ।
ਸ. ਮਾਨ ਨੇ ਪੀ.ਚਿੰਦਬਰਮ ਦੇ ਉਸ ਬਿਆਨ ਜਿਸ ਵਿਚ ਉਹਨਾਂ ਕਿਹਾ ਹੈ ਕਿ ਦਰਬਾਰ ਸਾਹਿਬ ਵਿਖੇ ਬਣਾਈ ਜਾ ਰਹੀ ਸ਼ਹੀਦੀ ਯਾਦਗਰ ਉਤੇ ਸਾਡੀ ਕਾਂ ਨਜ਼ਰ ਹੈ ਅਤੇ ਪੰਜਾਬ ਵਿਚ ਦਹਿਸ਼ਤਗਰਦੀ ਵੱਧ ਰਹੀ ਹੈ ਦਾ ਸਖ਼ਤ ਨੋਟਿਸ ਲੈਦੇ ਹੋਏ ਕਿਹਾ ਕਿ ਸੈਂਟਰ ਐਨ.ਸੀ.ਟੀ.ਸੀ. ਕਾਨੂੰਨ ਬਣਾਉਣ ਲਈ ਉਤਾਵਲਾ ਹੈ ਤਾਂ ਕਿ ਇਸ ਕਾਨੂੰਨ ਦੀ ਆੜ ਲੈਕੇ ਸਿੱਖ ਕੌਮ ਉਤੇ ਫਿਰ ਤੋ ਜ਼ਬਰ-ਜੁਲਮ ਕੀਤਾ ਜਾਵੇ । ਇਸ ਲਈ ਹੀ ਇਨ੍ਹਾਂ ਨੇ “ਸ਼ਹੀਦੀ ਯਾਦਗਰ” ਨੂੰ ਨਿਸ਼ਾਨਾਂ ਬਣਾਇਆ ਹੈ । ਜਦੋਕਿ ਸ਼ਹੀਦੀ ਯਾਦਗਰ ਦਾ ਸੰਬੰਧ ਨਾ ਸੈਂਟਰ ਹਕੂਮਤ ਨਾਲ ਹੈ, ਨਾ ਕਿਸੇ ਹੋਰ ਕੌਮ ਨਾਲ ਇਹ ਮੁੱਦਾ ਤਾਂ ਸਿੱਖਾਂ ਦਾ ਅੰਦਰੂਨੀ ਮੁੱਦਾ ਹੈ ਕਿ ਯਾਦਗਾਰ ਕਿਥੇ ਬਣਾਉਣੀ ਹੈ, ਤੇ ਕਿਸ ਰੂਪ ਵਿਚ ਬਣਾਉਣੀ ਹੈ । ਇਸ ਉਤੇ ਪੀ.ਚਿੰਦਬਰਮ ਜਾਂ ਸੈਂਟਰ ਵਾਲਿਆ ਨੂੰ ਕਿੰਤੂ-ਪ੍ਰੰਤੂ ਕਰਨ ਦਾ ਕੋਈ ਹੱਕ ਨਹੀ ਹੈ । ਇਹ ਯਾਦਗਾਰ ਹਰ ਕੀਮਤ ਤੇ ਸਿੱਖ ਕੌਮ ਦੀ ਸੋਚ ਅਨੁਸਾਰ ਬਣਕੇ ਰਹੇਗੀ । ਉਹਨਾਂ ਕਿਹਾ ਕਿ ਸੱਜਣ ਕੁਮਾਰ ਵਰਗੇ ਸਿੱਖਾਂ ਦੇ ਕਾਤਿਲਾਂ ਅਤੇ ਅੱਜ ਪੰਜ ਪੁਲਿਸ ਕਾਤਿਲ ਅਫ਼ਸਰਾਂ ਨੂੰ ਅਦਾਲਤਾਂ ਵੱਲੋਂ ਰਾਹਤ ਦੇਣ ਦੇ ਅਮਲ ਪ੍ਰਤੱਖ ਕਰਦੇ ਹਨ ਕਿ ਸਿੱਖ ਕੌਮ ਲਈ ਇਸ ਹਿੰਦ ਵਿਚ ਕੋਈ ਇਨਸਾਫ ਨਹੀ ਮਿਲ ਸਕਦਾ । ਬਲਾਸਟਿਕ ਮਿਜਾਇਲ ਆਦਿ ਦੇ ਕੀਤੇ ਜਾ ਰਹੇ ਤੁਜ਼ਰਬੇ ਅਤੇ ਪ੍ਰਮਾਣੂ ਹਥਿਆਰਾਂ ਦੇ ਵਧਾਏ ਜਾ ਰਹੇ ਭੰਡਾਰ ਕੇਵਲ ਸਿੱਖ ਕੌਮ ਜੋ ਹਿੰਦੂਤਵ ਹੁਕਮਰਾਨਾਂ ਦੀ ਗੁਲਾਮੀਅਤ ਨੂੰ ਪ੍ਰਵਾਨ ਨਹੀ ਕਰਦੀ, ਉਸ ਉਤੇ ਸਰਕਾਰੀ ਦਹਿਸਤਗਰਦੀ ਰਾਹੀ ਡਰ-ਭੈਅ ਪਾਉਣ ਦੇ ਜ਼ਬਰ-ਜੁਲਮ ਕਰਨ ਦੀਆਂ ਸਜਿਸ਼ਾਂ ਹੋ ਰਹੀਆ ਹਨ । ਜਿਸ ਨੂੰ ਸਿੱਖ ਕੌਮ ਕਤਈ ਵੀ ਕਾਮਯਾਬ ਨਹੀ ਹੋਣ ਦੇਵੇਗੀ । ਜੇਕਰ ਸਿੱਖ ਕੌਮ ਨੂੰ ਬਣਦਾ ਇਨਸਾਫ ਨਾ ਦਿੱਤਾ ਗਿਆ ਤਾਂ ਸਿੱਖ ਕੌਮ ਆਪਣੀਆ ਮਹਾਨ ਰਿਵਾਇਤਾਂ ਨੂੰ ਕਾਇਮ ਰੱਖਦੀ ਹੋਈ ਖੁਦ ਇਨਸਾਫ ਲੈਣ ਜਾਣਦੀ ਹੈ ਤੇ ਲੈਕੇ ਰਹੇਗੀ ।