ਅੰਮ੍ਰਿਤਸਰ:- ਕੁਵੈਤ ਦੇਸ਼ ਦੇ ਜੇਲ੍ਹ ਅਧਿਕਾਰੀਆਂ ਵੱਲੋਂ ਅੰਮ੍ਰਿਤਧਾਰੀ ਸਿੱਖ ਨੌਜਵਾਨ ਸ.ਪਰਮਿੰਦਰ ਸਿੰਘ ਦੇ ਕੇਸ ਕਤਲ ਕਰਨ ਤੇ ਕ੍ਰਿਪਾਨ ਲਾਹ ਕੇ ਕੂੜੇ ਵਿੱਚ ਸੁੱਟੇ ਜਾਣ ਦਾ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਨੋਟਿਸ ਲੈਂਦਿਆਂ ਇਸ ਘਟਨਾ ਦੀ ਸਖਤ ਨਿੰਦਾ ਕੀਤੀ ਹੈ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਕਿਸੇ ਵੀ ਦੇਸ਼ ਵਿੱਚ ਜੇਕਰ ਕੋਈ ਵਿਅਕਤੀ ਕਾਨੂੰਨ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇਸ਼ ਦੇ ਕਾਨੂੰਨ ਅਨੁਸਾਰ ਉਸ ਵਿਅਕਤੀ ਨੂੰ ਸਜਾ ਦਿੱਤੀ ਜਾ ਸਕਦੀ ਹੈ, ਪਰ ਇਹ ਕਿਸੇ ਵੀ ਦੇਸ਼ ਦਾ ਕਾਨੂੰਨ ਆਗਿਆ ਨਹੀ ਦਿੰਦਾ ਕਿ ਕਿਸੇ ਅੰਮ੍ਰਿਤਧਾਰੀ ਸਿੰਘ ਦੇ ਕੇਸ ਕਤਲ ਕੀਤੇ ਜਾਣ ਤੇ ਉਸ ਦੀ ਕ੍ਰਿਪਾਨ ਉਤਾਰ ਕੇ ਕੂੜੇ ਵਿੱਚ ਸੁੱਟ ਦਿੱਤੀ ਜਾਵੇ।
ਉਹਨਾਂ ਕਿਹਾ ਕਿ ਕੁਵੈਤ ਦੇਸ਼ ਦੇ ਜੇਲ੍ਹ ਅਧਿਕਾਰੀਆਂ ਵੱਲੋਂ ਕੀਤੀ ਗਈ ਇਸ ਘਿਨਾਉਣੀ ਹਰਕਤ ਨਾਲ ਸਿੱਖ ਹਿਰਦੇ ਵਲੂੰਘਰੇ ਗਏ ਹਨ। ਦੁਨੀਆਂ ਦੇ ਕੋਨੇ-ਕੋਨੇ ਵਿੱਚ ਬੈਠੇ ਹਰੇਕ ਨਾਨਕ ਨਾਮ ਲੇਵਾ ਗੁਰਸਿੱਖਾਂ ਦੇ ਮਨਾਂ ਵਿੱਚ ਕੁਵੈਤ ਦੇਸ਼ ਦੇ ਜੇਲ ਅਧਿਕਾਰੀਆਂ ਪ੍ਰਤੀ ਰੋਸ ਤੇ ਰੋਹ ਹੈ।
ਉਹਨਾਂ ਕਿਹਾ ਕਿ ਦੁਨੀਆਂ ਦੇ ਬਹੁਤ ਸਾਰੇ ਵੱਡੇ-ਵੱਡੇ ਦੇਸ਼ਾ ਵਿੱਚ ਸਿੱਖ ਆਪਣੇ ਪਰਵਾਰਾਂ ਦੀ ਰੋਜੀ ਰੋਟੀ ਕਮਾਉਣ ਖਾਤਰ ਗਏ ਹਨ, ਪਰ ਉਸ ਦੇਸ਼ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਹਿਮ ਯੋਗ ਦਾਨ ਵੀ ਪਾ ਰਹੇ ਹਨ। ਇਥੋਂ ਤੱਕ ਕਿ ਕਨੇਡਾ, ਅਮਰੀਕਾ ਵਰਗੇ ਦੇਸ਼ਾ ਦੀਆਂ ਸਕਿਓਰਟੀ ਫੋਰਸਾਂ ਵਿੱਚ ਸਾਬਤ ਸੂਰਤ ਸਿੱਖ ਭਰਤੀ ਹੋ ਕੇ ਨਾਮਣਾ ਖੱਟ ਰਹੇ ਹਨ, ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਅਜੇ ਵੀ ਕੁਝ ਦੇਸ਼ਾ ਦੇ ਉੱਚ ਅਧਿਕਾਰੀ ਜਿੰਮੇਵਾਰ ਅਹੁਦੇ ਤੇ ਹੁੰਦਿਆਂ ਹੋਇਆਂ ਕਾਇਰਤਾਪੂਰਨ ਕਾਰਵਾਈਆਂ ਕਰ ਰਹੇ ਹਨ।
ਉਹਨਾਂ ਕਿਹਾ ਕਿ ਅੰਮ੍ਰਿਤਧਾਰੀ ਸਿੱਖ ਨੌਜਵਾਨ ਪਰਮਿੰਦਰ ਸਿੰਘ ਦੇ ਕੇਸ ਕਤਲ ਕਰਨ ਤੇ ਕ੍ਰਿਪਾਨ ਉਤਾਰ ਕੇ ਕੂੜੇ ਵਿੱਚ ਸੁਟਣ ਵਾਲੇ ਦੋਸ਼ੀ ਅਧਿਕਾਰੀ ਖਿਲਾਫ ਕੁਵੈਤ ਸਰਕਾਰ ਸਖਤ ਕਾਰਵਾਈ ਕਰੇ ਤੇ ਅੱਗੇ ਤੋਂ ਯਕੀਨੀ ਬਣਾਵੇ ਕਿ ਕਿਸੇ ਵੀ ਵਿਅਕਤੀ ਦੇ ਧਾਰਮਿਕ ਜਜਬਾਤ ਨੂੰ ਠੇਸ ਨਾ ਪੁੱਜੇ।
ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਇਸ ਘਟਨਾ ਦੀ ਮੁਕੰਮਲ ਜਾਣਕਾਰੀ ਹਾਸਲ ਕਰ ਰਹੇ ਹਨ ਤੇ ਜਲਦੀ ਹੀ ਸਬੰਧਤ ਦੇਸ਼ ਅਤੇ ਭਾਰਤ ਸਰਕਾਰ ਨੂੰ ਇਸ ਘਟਨਾ ਦੇ ਦੋਸ਼ੀਆਂ ਨੂੰ ਸਖਤ ਸਜਾ ਦਿਵਾਉਣ ਬਾਰੇ ਪੱਤਰ ਲਿਖਿਆ ਜਾਵੇਗਾ।