ਮਿਸੀਸਾਗਾ—ਕੈਨੇਡਾ ਦੀ ਨਵੀਨ ਜੰਮਪਲ ਪ੍ਹੀੜੀ ਨੂੰ ਆਪਣੇ ਵਿਰਸੇ ਨਾਲ ਜੋੜਨ, ਗੁਰਬਾਣੀ ਅਨੁਸਾਰ ਆਪਣੀ ਜੀਵਨ ਸ਼ੈਲੀ ਨੂੰ ਧਾਰਨ ਕਰਨ ਅਤੇ ਮਾਨਵੀ ਕਦਰਾਂ ਕੀਮਤਾਂ ਨਾਲ ਲੈਸ ਕਰਨ ਵਾਸਤੇ ਓਨਟਾਰੀਓ ਖਾਲਸਾ ਦਰਬਾਰ ਮਿਸੀਸਾਗਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿਰੰਸੀਪਲ ਸਤਿਪਾਲ ਸਿੰਘ, ਸਕੂਲੀ ਟੀਚਰਾਂ, ਵਾਲੰਟੀਅਰਾਂ ਅਤੇ ਸਮੂਹ ਗੁਰਦੁਆਰਾ ਕਮੇਟੀ ਦੀ ਅਗਵਾਈ ਹੇਠ 2 ਜੁਲਾਈ ਤੋਂ 15 ਜੁਲਾਈ ਤੱਕ ਗੁਰਮਤਿ ਟਰੇਨਿੰਗ ਕੈਂਪ ਲਗਾਇਆ ਗਿਆ ਜਿਸ ਵਿਚ 200 ਤੋਂ ਜਿਆਦਾ ਬੱਚਿਆਂ ਨੇ ਭਾਗ ਲਿਆ। ਇਸ ਕੈਂਪ ਵਿਚ ਸਿੱਖ ਮਹਾਨਕੋਸ਼ ਦੇ ਪ੍ਰਸਿੱਧ ਰਚੇਤਾ ਡਾ ਰਘਬੀਰ ਸਿੰਘ ਬੈਂਸ ਨੇ ਆਡੀਓ ਵੀਡੀਓ ਤਕਨੀਕ ਰਾਹੀਂ ਨਸ਼ਿਆਂ, ਸਮਾਜਿਕ ਬੁਰਾਈਆਂ, ਸਿੱਖ ਇਤਿਹਾਸ, ਸਿੱਖੀ ਦੇ ਮੁੱਢਲੇ ਸਿਧਾਂਤਾਂ ਅਤੇ ਇਸਦੇ ਮਨੁੱਖੀ ਸਰੋਕਾਰਾਂ ਬਾਰੇ ਪ੍ਰਭਾਵਸ਼ਲੀ ਜਾਣਕਾਰੀ ਵਾਲੇ ਲੈਕਚਰ ਦਿੱਤੇ। ਵਿੱਦਿਆਰਥੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰ ਲੈ ਕੇ ਹੱਥ ਖੜੇ ਕਰਕੇ ਪ੍ਰਤਿੱਗਆ ਲਈ ਕਿ ਉਹ ਜੀਵਨ ਭਰ ਵਿੱਚ ਕਦੇ ਵੀ ਨਸ਼ਿਆਂ ਦਾ ਪ੍ਰਯੋਗ ਨਹੀਂ ਕਰਨਗੇ । ਇਸ ਕੈਂਪ ਦੀ ਸਮਾਪਤੀ ‘ਤੇ ਵਿਲੱਖਣ ਪ੍ਰਾਪਤੀਆਂ ਲਈ ਮਾਨਯੋਗ ਮੰਤਰੀ ਹਰਿੰਦਰ ਸਿੰਘ ਤਖੜ, ਬੀਬੀ ਅੰਮ੍ਰਿਤ ਕੌਰ ਵਧਾਇਕ ਅਤੇ ਡਾ ਰਘਬੀਰ ਸਿੰਘ ਬੈਂਸ ਸਮੇਤ ਬੱਚਿਆਂ, ਵਲੰਟੀਅਰਾਂ ਅਤੇ ਟੀਚਰਾਂ ਨੂੰ ਸਨਮਾਨਿਤ ਕੀਤਾ ਗਿਆ।
ਬੱਚਿਆਂ ਨੂੰ ਅਧੁਨਿਕ ਤਕਨਾਲੋਜੀ ਨਾਲ ਲੈਸ ਕਰਨ ਲਈ ਗੁਰਦੁਆਰਾ ਸਾਹਿਬ ਵਿੱਚ ਅਨੋਖੀ ਕਿਸਮ ਦੀ “ਗੁਰੂ ਅੰਗਦ ਦੇਵ ਕੰਪਿਊਟਰ ਲੈਬ” ਦਾ ਉਦਘਾਟਨ ਓਨਟਾਰੀਓ ਦੇ ਸਰਕਾਰੀ ਸੇਵਾਵਾਂ ਬਾਰੇ ਮੰਤਰੀ ਹਰਿੰਦਰ ਸਿੰਘ ਤੱਖੜ, ਬੀਬੀ ਅੰਮ੍ਰਿਤ ਕੌਰ ਮਾਂਗਟ, ਡਾ ਰਘਬੀਰ ਸਿੰਘ ਬੈਂਸ ਅਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਬੰਧਕਾਂ ਨੇ ਸਾਂਝੇ ਤੌਰ ‘ਤੇ ਕੀਤਾ। ਯਾਦ ਰਹੇ ਕਿ ਕੰਪਿਊਟਰ ਲੈਬ ਲਈ ਕੰਪਿਊਟਰ ਸ. ਬਲਵਿੰਦਰ ਸਿੰਘ ਧਾਲੀਵਾਲ ਲੋਪੋ ਨੇ ਦਾਨ ਕੀਤੇ ਹਨ ਅਤੇ ਤਕਨੀਕੀ ਸਹਾਇਤਾ ਮਨਬੀਰ ਸਿੰਘ ਸੰਧੂ ਅਤੇ ਹਰਜਿੰਦਰ ਸਿੰਘ ਸੈਣੀ ਨੇ ਕੀਤੀ।
ਇਸ ਮੌਕੇ ‘ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਜਸਜੀਤ ਸਿੰਘ ਭੁੱਲਰ ਨੇ ਗੁਰਮਤਿ ਕੈਂਪ ਦੀ ਸਫਲਤਾ ਲਈ ਬੱਚਿਆਂ ਅਤੇ ਉਹਨਾਂ ਦੇ ਮਾਪਿਆਂ ਦਾ ਕਮੇਟੀ ਵਲੋਂ ਧੰਨਵਾਦ ਕੀਤਾ। ਭੁੱਲਰ ਨੇ ਸਮੂਹ ਸੰਸਥਾਵਾਂ ਦੇ ਅਹੁਦੇਦਾਰਾਂ, ਕਮਿਊਨਿਟੀ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਮੀਡੀਆ ਦੇ ਸਹਿਯੋਗ ਦਾ ਵੀ ਤਹਿ-ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿਚ ਵੀ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਅਜੇਹੇ ਕੈਂਪ ਲਾ ਕੇ ਯੋਗਦਾਨ ਪਾਉਂਦੇ ਰਹਿਣਗੇ ਤਾਕਿ ਸਾਡੇ ਕੱਲ੍ਹ ਦੇ ਵਾਰਸ ਸੰਸਾਰ ਭਰ ਵਿੱਚ ਮਨੁੱਖਤਾ ਨੂੰ ਅਮਨ, ਸ਼ਾਂਤੀ ਅਤੇ ਸਰਬਤ ਦੇ ਭਲੇ ਦਾ ਪੈਗਾਮ ਦੇ ਸਕਣ ।