ਲੰਡਨ – ਓਲੰਪਿਕ ਖੇਡਾਂ ਅਜੇ ਸ਼ੁਰੂ ਵੀ ਨਹੀਂ ਹੋਈਆਂ ਕਿ ਪੈਰਾਓਲੰਪਿਕ ਲਈ ਕਵਾਲੀਫਾਈ ਕਰਨ ਵਾਲੇ ਭਾਰਤ ਦੇ ਦੋ ਖਿਡਾਰੀ ਸ਼ਰਤ ਕੁਮਾਰ ਅਤੇ ਹਿਤੇਸ਼ ਸਚਦੇਵ ਡੋਪਿੰਗ ਟੈਸਟ ਵਿੱਚ ਪਕੜੇ ਗਏ ਹਨ। ਉਨ੍ਹਾਂ ਨੂੰ ਪੈਰਾਉਲੰਪਿਕ ਖੇਡਾਂ ਲਈ ਅਯੋਗ ਕਰਾਰ ਦੇ ਦਿੱਤਾ ਗਿਆ ਹੈ।
ਦੋਵਾਂ ਵਿਕਲਾਂਗ ਖਿਡਾਰੀਆਂ ਨੂੰ ਰਾਸ਼ਟਰੀ ਡੋਪਿੰਗ ਏਜੰਸੀ (ਨਾਡਾ) ਵੱਲੋਂ ਕਰਵਾਏ ਗਏ ਟੈਸਟਾਂ ਵਿੱਚ ਪਾਜਿਟਿਵ ਪਾਇਆ ਗਿਆ ਹੈ। ਸ਼ਰਤ ਕੁਮਾਰ ਦਾ ਏ ਅਤੇ ਬੀ ਦੋਵਾਂ ਨਮੂਨਿਆਂ ਵਿੱਚ ਸਟੇਨੋਜੋਲੋਲ ਮਿਲਿਆ ਜਦ ਕਿ ਹਿਤੇਸ਼ ਸਚਦੇਵ ਦੇ ਏ ਨਮੂਨੇ ਵਿੱਚ ਨੈਡਰੋਨੋਲ ਪਾਇਆ ਗਿਆ ਹੈ ਅਤੇ ਨਾਡਾ ਨੇ ਹਿਤੇਸ਼ ਨੂੰ ਬੀ ਨਮੂਨੇ ਦੇ ਟੈਸਟ ਲਈ ਬੁਲਾਇਆ ਹੈ।
ਪੋਲੀਓ ਗ੍ਰਸਤ ਸ਼ਰਤ ਕੁਮਾਰ ਦਾ ਦਿੱਲੀ ਦੇ ਇੱਕ ਵੱਡੇ ਹਸਪਤਾਲ ਵਿੱਚ ਛੇ ਮਹੀਨੇ ਪਹਿਲਾਂ ਵੱਡਾ ਅਪਰੇਸ਼ਨ ਹੋਇਆ ਸੀ। ਉਸ ਦੇ ਕੋਚ ਦਾ ਕਹਿਣਾ ਹੈ ਕਿ ਸਾਡੇ ਵਾਰ ਵਾਰ ਪੁੱਛਣ ਤੇ ਵੀ ਹਸਪਤਾਲ ਵਾਲਿਆਂ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਸ ਨੂੰ ਕਿਹੜੀਆਂ ਦਵਾਈਆਂ ਦਿੱਤੀਆਂ ਗਈਆਂ ਹਨ। ਹਿਤੇਸ਼ ਨੂੰ ਵੀ ਡੇਂਗੂ ਬੁਖਾਰ ਹੋ ਗਿਆ ਸੀ ।ਉਸ ਦੇ ਡਾਕਟਰ ਦਾ ਕਹਿਣਾ ਹੈ ਕਿ ਉਸ ਨੂੰ ਨੈਂਡਰੋਲੋਨ ਦਵਾਈ ਦਿੱਤੀ ਗਈ ਸੀ। ਡਾ: ਅਨੁਸਾਰ ਹਿਤੇਸ਼ ਬਹੁਤ ਕਮਜੋਰ ਸਨ ਅਤੇ ਉਸ ਦੇ ਖਿਡਾਰੀ ਹੋਣ ਬਾਰੇ ਊਨ੍ਹਾਂ ਨੂੰ ਜਾਣਕਾਰੀ ਨਹੀਂ ਸੀ। ਇਸ ਦੇ ਬਾਵਜੂਦ 5 ਭਾਰਤੀ ਖਿਡਾਰੀ ਪੈਰਾ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣਗੇ।