ਆਰੋਰਾ-ਅਮਰੀਕਾ ਦੇ ਆਰੋਰਾ ਥੀਏਟਰ ਵਿਚ ਬੈਟਮੈਨ ਫਿਲਮ ਵੇਖਣ ਗਏ ਲੋਕਾਂ ‘ਤੇ ਅੰਨੇਵਾਹ ਹੋਈ ਗੋਲੀਬਾਰੀ ਦੌਰਾਨ 14 ਲੋਕ ਮਾਰੇ ਗਏ ਅਤੇ 50 ਜ਼ਖ਼ਮੀ ਹੋ ਗਏ। ਜ਼ਖ਼ਮੀ ਚੋਂ ਕਈਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿਚ ਇਕ ਤਿੰਨ ਮਹੀਨਿਆਂ ਦਾ ਬੱਚਾ ਵੀ ਹੈ।
ਚਸਮਦੀਦ ਲੋਕਾਂ ਅਨੁਸਾਰ ਈਸਟ ਕੋਸਟ ਦੇ ਸਮੇਂ ਅੱਧੀ ਰਾਤ ਤੋਂ ਬਾਅਦ ਇਕ ਬੰਦੂਕਧਾਰੀ ਵਲੋਂ ਸਿਨੇਮਾ ਹਾਲ ਵਿਚ ਗੈਸ ਦੇ ਕੈਨੇਸਟਰ ਛੱਡੇ ਜਾਣ ਤੋਂ ਬਾਅਦ ਅੰਨ੍ਹੇਵਾਹ ਗੋਲੀਬਾਰੀ ਕੀਤੀ ਗਈ। ਫਿਲਮ ਵੇਖ ਰਹੇ ਲੋਕਾਂ ਅਨੁਸਾਰ ਇਹ ਵਾਕਿਆ ਉਦੋਂ ਵਾਪਰਿਆ ਜਦੋਂ ਫਿਲਮ ਵਿਚ ਗੋਲੀਬਾਰੀ ਦਾ ਸੀਨ ਚਲ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਕੁਝ ਦੇਰ ਤਾਂ ਲੋਕੀਂ ਇਸ ਗੋਲੀਬਾਰੀ ਨੂੰ ਫਿਲਮ ਵਿਚ ਹੋ ਰਹੀ ਗੋਲੀਬਾਰੀ ਵਾਂਗ ਹੀ ਸਮਝ ਰਹੇ ਸਨ। ਪਰੰਤੂ ਜਦੋਂ ਲੋਕਾਂ ਦੀਆਂ ਚੀਕਾਂ ਦੀ ਆਵਾਜ਼ ਸੁਣਾਈ ਦਿੱਤੀ ਤਾਂ ਲੋਕਾਂ ਨੂੰ ਪਤਾ ਚਲਿਆ ਕਿ ਇਹ ਗੋਲੀਬਾਰੀ ਅਸਲ ਵਿਚ ਕਿਸੇ ਵਲੋਂ ਕੀਤੀ ਜਾ ਰਹੀ ਹੈ। ਇਸ ਤੋਂ ਉਪਰੰਤ ਲੋਕੀਂ ਥੀਏਟਰ ਤੋਂ ਬਾਹਰ ਵੱਲ ਨੂੰ ਭੱਜਣ ਲੱਗੇ ਇਸ ਤੋਂ ਉਪਰੰਤ ਚਾਰੇ ਪਾਸੇ ਭਾਜੜ ਮੱਚ ਗਈ ਅਤੇ ਲੋਕਾਂ ਦੇ ਫੋਨ ਅਤੇ ਪਰਸ ਆਦਿ ਫਰਸ਼ ‘ਤੇ ਡਿੱਗੇ ਹੋਏ ਵੇਖੇ ਗਏ।
ਕੋਲੋਰਾਡੋ ਵਿਖੇ ਵਾਪਰੀ ਇਸ ਤ੍ਰਾਸਦੀ ਤੋਂ ਬਾਅਦ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਪ੍ਰਚਾਰ ਕਰ ਰਹੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਉਨ੍ਹਾਂ ਦੇ ਵਿਰੋਧੀ ਮਿਟ ਰਾਮਨੀ ਵਲੋਂ ਆਪਣੇ ਪ੍ਰਚਾਰ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ। ਓਬਾਮਾ ਅਤੇ ਰੋਮਨੀ ਵਲੋਂ ਸ਼ੋਕ ਸੰਦੇਸ਼ ਲੋਕਾਂ ਮਰਨ ਵਾਲਿਆਂ ਦੇ ਪ੍ਰਵਾਰਾਂ ਅਤੇ ਜ਼ਖ਼ਮੀ ਲੋਕਾਂ ਲਈ ਭੇਜੇ ਗਏ। ‘ਦ ਡਾਰਕ ਨਾਈਟ ਰਾਈਜਿਜ’ ਫਿਲਮ ਦੇ ਪ੍ਰੋਡਿਊਸਰ ਵਾਰਨਰ ਬਰਦਰਜ਼ ਵਲੋਂ ਵੀ ਮਰਨ ਵਾਲਿਆਂ ਦੇ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟਾਈ ਗਈ ਹੈ।
ਗੋਲੀ ਚਲਾਉਣ ਵਾਲੇ ਦਾ ਨਾਮ ਜੇਮਜ਼ ਹੋਲਮਜ਼ ਦੱਸਿਆ ਜਾ ਰਿਹਾ ਹੈ, ਜਿਸਦੀ ਉਮਰ 24 ਸਾਲ ਹੈ। ਉਸਦੇ ਮਾਪੇ ਕੈਲੀਫੋਰਨੀਆਂ ਦੇ ਸੈਨ ਦਿਆਗੋ ਵਿਚ ਰਹਿੰਦੇ ਹਨ। ਜੇਮਜ਼ ਨੇ ਗੋਲੀਬਾਰੀ ਦੌਰਾਨ ਚੇਹਰੇ ‘ਤੇ ਗੈਸ ਮਾਸਕ ਪਹਿਨਿਆ ਹੋਇਆ ਸੀ ਅਤੇ ਬੁਲੇਟ ਪਰੂਫ ਜਾਕੇਟ ਪਹਿਨੀ ਹੋਈ ਸੀ। ਇਸਨੂੰ ਪਾਰਕਿੰਗ ਲਾਟ ਵਿਚ ਆਪਣੀ ਕਾਰ ਦੇ ਨਜ਼ਦੀਕ ਗ੍ਰਿਫਤਾਰ ਕੀਤਾ ਗਿਆ।