ਲੰਡਨ, (ਮਨਦੀਪ ਖੁਰਮੀ ਹਿੰਮਤਪੁਰਾ)-ਬੀਬੀ ਪ੍ਰਮਿੰਦਰਪਾਲ ਕੌਰ ਵਿਰਕ ਧਰਮ ਪਤਨੀ ਸ਼ਹੀਦ ਡਾਕਟਰ ਗੁਰਪ੍ਰੀਤ ਸਿੰਘ ਵਿਰਕ ਦਾ ਇੰਗਲੈਂਡ ਦੀਆਂ ਵੱਖ ਵੱਖ ਸੰਸਥਾਵਾਂ ਗੁਰਦਵਾਰਾ ਸ੍ਰੀ ਗੁਰੂ ਤੇਗ ਬਹਾਦਰ ਲੈਸਟਰ, ਸ੍ਰੀ ਗੁਰੂ ਸਿੰਘ ਸਭਾ ਡਰਬੀ, ਗੁਰੂ ਨਾਨਕ ਗੁਰਦਵਾਰਾ ਬੈੱਡਫੋਰਡ , ਯੂਨਾਈਟਿਡ ਖਾਲਸਾ ਦਲ ਯੂ.ਕੇ., ਸਿੱਖ ਸਟੂਡੈਂਟਸ ਫੈਡਰੇਸ਼ਨ ਯੂ.ਕੇ. ਅਤੇ ਸਿੱਖ ਫੈਡਰੇਸ਼ਨ ਯੂ.ਕੇ. ਦੀ ਲੈਸਟਰ ਬ੍ਰਾਂਚ ਵਲੋਂ ਸਨਮਾਨਤ ਕੀਤਾ ਗਿਆ ।ਬੀਬੀ ਵਿਰਕ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਤੋਂ ਇਲਾਵਾ ਸਮੁੱਚੇ ਪੰਜਾਬੀ ਮੀਡੀਏ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੇ ਵਿਚਾਰ ਸਿੱਖ ਸੰਗਤਾਂ ਤੱਕ ਪਹੁੰਚਾਉਣ ਵਿੱਚ ਅਹਿਮ ਰੋਲ ਅਦਾ ਕੀਤਾ। ਬੀਬੀ ਵਿਰਕ ਨੇ ਕਿਹਾ ਕਿ ਇੰਗਲੈਂਡ ਵਿੱਚ ਸਿੱਖ ਭੈਣਾਂ ਭਰਾਵਾਂ ਅਤੇ ਬਜ਼ੁਰਗਾਂ ਵਲੋਂ ਮਿਲੇ ਪਿਆਰ ਅਤੇ ਅਸੀਸਾਂ ਦੇ ਬਲ ਸਦਕਾ ਉਹ ਅਨਿਆਂ ਅਤੇ ਧੱਕੇਸ਼ਹੀਆਂ ਖਿਲਾਫ ਹੋਰ ਵੀ ਤਾਕਤਵਰ ਬਣ ਕੇ ਜੂਝਦੀ ਰਹੇਗੀ। ਬੀਬੀ ਵਿਰਕ ਨੇ ਡਰਬੀ ਵਿੱਚ ਬਣੇ ਸਿੱਖ ਮਿਊਜ਼ੀਅਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਮਿਊਜੀਅਮ ਵਿਦੇਸ਼ੀ ਧਰਤੀ ‘ਤੇ ਰਹਿ ਕੇ ਵੀ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਲਾਸਾਨੀ ਸਿੱਖ ਇਤਿਹਾਸ ਤੋਂ ਜਾਣੂੰ ਕਰਵਾਉਣ ਦਾ ਸਾਧਨ ਬਣੇਗਾ। ਇਸ ਸੰਬੰਧੀ ਆਪਣੇ ਵਿਚਾਰ ਸਾਂਝੇ ਕਰਦਿਆਂ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਐੱਲ.ਐੱਲ. ਬੀ., ਐੱਮ.ਏ (ਅੰਗਰੇਜ਼ੀ) ਦੀ ਡਿਗਰੀ ਧਾਰਕ ਬੀਬੀ ਵਿਰਕ ਸ੍ਰ਼ੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਪਿਛਲੇ ਸਾਲ ਹੋਈਆਂ ਚੋਣਾਂ ਦੌਰਾਨ ਲੁਧਿਆਣਾ ਤੋਂ ਉਮੀਦਵਾਰ ਸਨ । ਆਪ ਨੇ ਸ੍ਰ਼ੋਮਣੀ ਅਕਾਲੀ ਦਲ ਪੰਚ ਪ੍ਰਧਾਨੀ ਦੀ ਟਿਕਟ ‘ਤੇ ਚੋਣ ਲੜੀ ਸੀ, ਇਹਨਾਂ ਚੋਣਾਂ ਦੌਰਾਨ ਵੀ ਸੱਤਾਧਾਰੀਆਂ ਵਲੋਂ ਆਪ ਨੂੰ ਡਰਾਉਣ ਧਮਕਾਉਣ ਤੋਂ ਇਲਾਵਾ ਖਰੀਦਣ ਦੀਆਂ ਕੁਚਾਲਾਂ ਚੱਲੀਆਂ ਸਨ । ਬੀਬੀ ਵਿਰਕ ਸ੍ਰ਼ੋਮਣੀ ਕਮੇਟੀ ਦੇ ਸਕੂਲ ਵਿੱਚ ਅਧਿਆਪਕ ਸਨ ਪਰ ਪਿਛਲੇ ਤਿੰਨ ਸਾਲ ਤੌਂ ਸ੍ਰ,ਅਵਤਾਰ ਸਿੰਘ ਮੱਕੜ ਦੇ ਹੁਕਮਾਂ ਨਾਲ ਤਨਖਾਹ ਤੋਂ ਬਗੈਰ ਸਸਪੈਂਡ ਕੀਤਾ ਹੋਇਆ ਹੈ, ਕਿਉਂਕਿ ਬੀਬੀ ਵਿਰਕ ਨੇ ਇਹਨਾਂ ਦੀਆਂ ਸਿੱਖ ਵਿਰੋਧੀ ਨੀਤੀਆਂ ਅਤੇ ਵਿਦਿਆਕ ਅਦਾਰਿਆਂ ਵਿੱਚ ਪਨਪ ਰਹੀ ਸਿੱਖੀ ਵਿਰੋਧੀ ਸੋਚ ਦਾ ਡੱਟ ਕੇ ਵਿਰੋਧ ਕੀਤਾ ਸੀ।